ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਿਆਸੀ ਹਮਲਾ ਬੋਲਦਿਆਂ ਕਾਂਗਰਸ ਪਾਰਟੀ ਨੂੰ ਦੇਸ਼ ਵੇਚਣ ਵਾਲਾ ਦੱਸਿਆ ਹੈ। ਯੋਗੀ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਦੇਸ਼ ਨੂੰ ਵੇਚਿਆ। ਜਦੋਂ ਦੇਸ਼ ਦੀ ਸੱਤਾ ਉਸਦੇ ਹੱਥੋਂ ਡਿੱਗੀ ਤਾਂ ਉਸਨੇ ਆਪਣੀ ਪਾਰਟੀ ਦੀਆਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਗੂ ਲਗਾਤਾਰ ਇਲਜ਼ਾਮ ਲਾ ਰਹੇ ਹਨ ਕਿ ਕਾਂਗਰਸ ਨੇਤਾਵਾਂ ਨੇ ਟਿਕਟਾਂ ਵੇਚੀਆਂ ਹਨ। ਇਸ ਲਈ ਜਿਸ ਪਾਰਟੀ ਦਾ ਆਪਣਾ ਭਵਿੱਖ ਨਿਸ਼ਚਤ ਨਹੀਂ ਹੈ, ਉਹ ਦੂਜਿਆਂ ਬਾਰੇ ਕੀ ਸੋਚੇਗੀ। ਯੋਗੀ ਆਦਿੱਤਿਆਨਾਥ ਨੇ ਲੋਕਾਂ ਨੂੰ ਗਿਆਨ ਚੰਦ ਗੁਪਤਾ ਅਤੇ ਲਤੀਕਾ ਸ਼ਰਮਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਹਰਿਆਣਾ ਦੇ ਕਾਲਕਾ ਅਤੇ ਪੰਚਕੂਲਾ ਤੋਂ ਭਾਜਪਾ ਉਮੀਦਵਾਰ ਲਤੀਕਾ ਸ਼ਰਮਾ ਅਤੇ ਪੰਚਕੂਲਾ ਤੋਂ ਭਾਜਪਾ ਉਮੀਦਵਾਰ ਗਿਆਨਚੰਦ ਗੁਪਤਾ ਦੇ ਹੱਕ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਲਈ ਆਦਿਤਿਆਨਾਥ ਕਾਲਕਾ ਪਹੁੰਚੇ ਸਨ। ਇਸ ਮੌਕੇ ਰੈਲੀ ਚ ਹਜ਼ਾਰਾਂ ਲੋਕਾਂ ਨੇ ਯੋਗੀ ਆਦਿੱਤਿਆਨਾਥ ਦਾ ਸਵਾਗਤ ਕੀਤਾ।
ਯੋਗੀ ਨੇ ਕਿਹਾ ਕਿ ਕਾਂਗਰਸ ਦੇ ਲੋਕ ਭਾਰਤ ਮਾਤਾ ਦੀ ਜੈ ਬੋਲਣ ਵਿਚ ਸ਼ਰਮ ਮਹਿਸੂਸ ਕਰਦੇ ਹਨ। ਜਦੋਂ ਦੇਸ਼ ਦੇ ਰੱਖਿਆ ਮੰਤਰੀ ਫਰਾਂਸ ਵਿਚ ਰਾਫੇਲ ਦੀ ਪੂਜਾ ਕਰ ਰਹੇ ਸਨ ਤਾਂ ਕਾਂਗਰਸ ਦੇ ਲੋਕ ਉਸਦਾ ਮਜ਼ਾਕ ਉਡਾ ਰਹੇ ਸਨ। ਕਾਂਗਰਸ ਦੇਸ਼ ਦਾ ਮਾਣ ਪਸੰਦ ਨਹੀਂ ਕਰਦੀ। ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਕਾਂਗਰਸ ਕਹਿੰਦੀ ਸੀ ਕਿ ਦੇਸ਼ ਵਿਚ ਖੂਨ ਦੀਆਂ ਨਦੀਆਂ ਵਹਿਣਗੀਆਂ, ਪਰ ਇਕ ਪਟਾਕਾ ਵੀ ਨਹੀਂ ਫਟਿਆ।
ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਕਾਂਗਰਸ ਨੇ 370 ਦਾ ਵਿਰੋਧ ਕੀਤਾ। ਜਦੋਂ ਔਰਤਾਂ ਦਾ ਸਨਮਾਨ ਕਰਨ ਲਈ ਤਿੰਨ ਤਲਾਕ ਖਤਮ ਕਰ ਦਿੱਤਾ ਗਿਆ ਤਾਂ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ। ਇਸ ਲਈ ਕਾਂਗਰਸ ਦਾ ਦੇਸ਼ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਸ ਨੂੰ ਸਿਰਫ ਰਾਜਨੀਤੀ ਕਰਨੀ ਹੈ। ਟੂਜੀ ਘੁਟਾਲੇ ਤੋਂ ਬਾਅਦ ਜਵਾਈ ਨੇ ਵੱਡੇ ਘੁਟਾਲੇ ਕੀਤੇ। ਹਰਿਆਣਾ ਦੇ ਗੁੜਗਾਉਂ ਤੋਂ ਪੰਚਕੂਲਾ ਤੱਕ ਜ਼ਮੀਨੀ ਘੁਟਾਲੇ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਵਾਈ ਨੇ ਕੋਈ ਜ਼ਮੀਨ ਨਹੀਂ ਛੱਡੀ।
ਹਰਿਆਣਾ ਵਿਧਾਨ ਸਭਾ ਚੋਣਾਂ: CM ਯੋਗੀ ਭਾਜਪਾ ਆਗੂਆਂ ਲਈ ਪ੍ਰਚਾਰ ਕਰਨ ਕਾਲਕਾ ਪੁੱਜੇ
.