Haryana Vidhan Sabha Elections 2019 LIVE UPDATES: ਹਰਿਆਣਾ ’ਚ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਸਵੇਰੇ 7:00 ਵਜੇ ਤੋਂ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਅੱਜ ਸਵੇਰੇ 10:15 ਵਜੇ ਕਰਨਾਲ ਹਲਕੇ ਦੇ ਪ੍ਰੇਮ ਨਗਰ ਪੋਲਿੰਗ ਸਟੇਸ਼ਨ ’ਤੇ ਵੋਟ ਪਾਈ।
ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਯੂ ਤੇ ਉਨ੍ਹਾਂ ਦੇ ਪਰਿਵਾਰ ਨੇ ਅੱਜ ਸਵੇਰੇ ਹਿਸਾਰ ਜ਼ਿਲ੍ਹੇ ਦੇ ਪਿੰਡ ਖੰਡਾ ਖੇੜੀ ਵਿਖੇ ਵੋਟਾਂ ਪਾਈਆਂ।
ਪੰਚਕੂਲਾ ਤੋਂ ‘ਹਿੰਦੁਸਤਾਨ ਟਾਈਮਜ਼’ ਦੇ ਨੁਮਾਇੰਦੇ ਮੁਨੀਸ਼ਵਰ ਏ. ਸਾਗਰ ਤੇ ਯੁਵਰਾਜ ਕੌਸ਼ਲ ਮੁਤਾਬਕ:
ਕਾਂਗਰਸ ਦੇ ਪੰਚਕੂਲਾ ਤੋਂ ਉਮੀਦਵਾਰ ਚੰਦਰ ਮੋਹਨ ਨੇ ਪੰਚਕੂਲਾ ਦੇ ਸੈਕਟਰ–8 ਵਿਖੇ ਆਪਣੀ ਵੋਟ ਪਾਈ। ਪੰਚਕੂਲਾ ’ਚ ਵੋਟਾਂ ਪਾਉਣ ਦੀ ਰਫ਼ਤਾਰ ਕੁਝ ਮੱਠੀ ਹੈ। ਹੁਣ ਤੱਕ ਪੰਚਕੂਲਾ ’ਚ ਸਿਰਫ਼ ਦੋ ਫ਼ੀ ਸਦੀ ਵੋਟਾਂ ਪਈਆਂ ਹਨ ਤੇ ਕਾਲਕਾ ਵਿੱਚ 3 ਫ਼ੀ ਸਦੀ ਵੋਟਾਂ ਪੈ ਚੁੱਕੀਆਂ ਹਨ। ਪੂਰੇ ਜ਼ਿਲ੍ਹੇ ਵਿੱਚ ਹੁਣ ਤੱਕ 2.46 ਫ਼ੀ ਸਦੀ ਪੋਲਿੰਗ ਹੋ ਚੁੱਕੀ ਹੈ।
ਤੋਸ਼ਾਮ ਤੋਂ ਵਿਧਾਇਕਾ ਕਿਰਨ ਚੌਧਰੀ ਨੇ ਵੀ ਆਪਣੀ ਵੋਟ ਪਾਈ। ਨੰਗਲ ਚੌਧਰੀ ਤੋਂ ਵਿਧਾਇਕ ਅਭੇ ਯਾਦਵ ਨੇ ਆਪਣੀ ਪਤਨੀ ਸਮੇਤ ਵੋਟ ਪਾਈ। [ ਤਸਵੀਰਾਂ: ਸੁਨੀਲ ਰਾਹਰ ]
ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾਵਾਂ ਦੀ ਚੋਣ ਲਈ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਅੱਜ ਸਵੇਰੇ 7:00 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮੀਂ 6:00 ਵਜੇ ਤੱਕ ਚੱਲੇਗੀ। ਦੋਵੇਂ ਰਾਜਾਂ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੋਵੇਂ ਹੀ ਸੂਬਿਆਂ ਵਿੱਚ ਆਪਣੀ ਸੱਤਾ ਕਾਇਮ ਰੱਖਣ ਦੇ ਜਤਨਾਂ ਵਿੱਚ ਹੈ; ਜਦ ਕਿ ਵਿਰੋਧੀ ਪਾਰਟੀਆਂ ਵੀ ਸੱਤਾ–ਵਿਰੋਧੀ ਲਹਿਰ ਦਾ ਲਾਭ ਉਠਾਉਣ ਦੇ ਚੱਕਰਾਂ ਵਿੱਚ ਹਨ।
ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਦਾ ਮੁਕਾਬਲਾ ਵਿਰੋਧੀ ਕਾਂਗਰਸ ਤੇ ਨਵੀਂ ਪਾਰਟੀ ‘ਜਜਪਾ’ ਨਾਲ ਹੈ। ਸੂਬੇ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਹਰਿਆਣਾ ’ਚ ਕੁੱਲ 1.83 ਕਰੋੜ ਵੋਟਰ ਹਨ; ਜਿਨ੍ਹਾਂ ਵਿੱਚੋਂ 85 ਲੱਖ ਔਰਤਾਂ ਹਨ ਤੇ 252 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਸੂਬੇ ਵਿੱਚ ਕੁੱਲ 19,578 ਪੋਲਿੰਗ ਸਟੇਸ਼ਨ ਬਣਾਏ ਗਏ ਹਨ।