ਤਸਵੀਰ: ਸੁਨੀਲ ਰਾਹਰ, ਹਿੰਦੁਸਤਾਨ ਟਾਈਮਜ਼
Haryana Legislative Assembly Elections 2019 LIVE Updates: ਹਰਿਆਣਾ ’ਚ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਅੱਜ ਸਵੇਰੇ 7:00 ਵਜੇ ਤੋਂ ਜਾਰੀ ਹੈ। ਹਰੇਕ ਹਲਕੇ ਤੋਂ ਅਹਿਮ ਸ਼ਖ਼ਸੀਅਤਾਂ ਤੇ ਆਮ ਲੋਕਾਂ ਵੱਲੋਂ ਵੋਟਾਂ ਪਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਅੱਜ ਨੰਗਲ ਚੌਧਰੀ ਵਿਧਾਨ ਸਭਾ ਹਲਕੇ ਦੇ ਪਿੰਡ ਢਲੇਰਾ ’ਚ 105 ਸਾਲਾ ਦਾਖਾ ਦੇਵੀ ਨੇ ਵੋਟ ਪਾਈ।
ਉੱਧਰ ਅੱਜ ਕੇਂਦਰੀ ਮੰਤਰੀ ਅਤੇ ਅੰਬਾਲ਼ਾ ਤੋਂ ਐੱਮ.ਪੀ. ਰਤਨ ਲਾਲ ਕਟਾਰੀਆ ਨੇ ਪੰਚਕੂਲਾ ’ਚ ਆਪਣੀ ਵੋਟ ਪਾਈ।
ਪਿੰਜੌਰ ’ਚ ਭਾਜਪਾ ਦੇ ਐੱਮਐੱਲਏ ਲਤਿਕਾ ਸ਼ਰਮਾ ਨੇ ਆਪਣੀ ਵੋਟ ਪਾਈ।
ਇਹ ਖ਼ਬਰ ਲਿਖੇ ਜਾਣ ਤੱਕ ਪੰਚਕੂਲਾ ਵਿੱਚ 1.09 ਫ਼ੀ ਸਦੀ ਪੋਲਿੰਗ ਹੋ ਚੁੱਕੀ ਸੀ। ਉੱਧਰ ਜਲਾਲਾਬਾਦ ’ਚ ਸਵੇਰੇ 9 ਵਜੇ ਤੱਕ 14 ਫ਼ੀ ਸਦੀ ਪੋਲਿੰਗ ਹੋ ਚੁੱਕੀ ਸੀ।
ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾਵਾਂ ਦੀ ਚੋਣ ਲਈ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਅੱਜ ਸਵੇਰੇ 7:00 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮੀਂ 6:00 ਵਜੇ ਤੱਕ ਚੱਲੇਗੀ। ਦੋਵੇਂ ਰਾਜਾਂ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੋਵੇਂ ਹੀ ਸੂਬਿਆਂ ਵਿੱਚ ਆਪਣੀ ਸੱਤਾ ਕਾਇਮ ਰੱਖਣ ਦੇ ਜਤਨਾਂ ਵਿੱਚ ਹੈ; ਜਦ ਕਿ ਵਿਰੋਧੀ ਪਾਰਟੀਆਂ ਵੀ ਸੱਤਾ–ਵਿਰੋਧੀ ਲਹਿਰ ਦਾ ਲਾਭ ਉਠਾਉਣ ਦੇ ਚੱਕਰਾਂ ਵਿੱਚ ਹਨ।
ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਦਾ ਮੁਕਾਬਲਾ ਵਿਰੋਧੀ ਕਾਂਗਰਸ ਤੇ ਨਵੀਂ ਪਾਰਟੀ ‘ਜਜਪਾ’ ਨਾਲ ਹੈ। ਸੂਬੇ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਹਰਿਆਣਾ ’ਚ ਕੁੱਲ 1.83 ਕਰੋੜ ਵੋਟਰ ਹਨ; ਜਿਨ੍ਹਾਂ ਵਿੱਚੋਂ 85 ਲੱਖ ਔਰਤਾਂ ਹਨ ਤੇ 252 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਸੂਬੇ ਵਿੱਚ ਕੁੱਲ 19,578 ਪੋਲਿੰਗ ਸਟੇਸ਼ਨ ਬਣਾਏ ਗਏ ਹਨ।