ਹਰਿਆਣਾ ਵਿਧਾਨ ਸਭਾ ਚੋਣਾਂ 2019 (Haryana Assembly Elections 2019)) ਲਈ ਕੱਲ੍ਹ 21 ਅਕਤੂਬਰ ਨੂੰ ਸੂਬੇ ਦੀਆਂ ਸਾਰੀਆਂ 90 ਸੀਟਾਂ ‘ਤੇ ਵੋਟਾਂ ਪਾਈਆਂ ਜਾਣਗੀਆਂ।
ਹਰਿਆਣਾ ਚ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 47, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ 19 ਅਤੇ ਕਾਂਗਰਸ ਨੇ 15 ਸੀਟਾਂ ਜਿੱਤੀਆਂ ਸਨ। ਹਰਿਆਣਾ ਜਨਹਿਤ ਕਾਂਗਰਸ ਨੇ ਦੋ ਸੀਟਾਂ ਜਿੱਤੀਆਂ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਇਕ-ਇਕ ਸੀਟ ਜਿੱਤੀ। ਇਥੇ 5 ਆਜ਼ਾਦ ਉਮੀਦਵਾਰ ਵੀ ਚੋਣ ਜਿੱਤੇ ਸਨ।
ਹਰਿਆਣਾ ਵਿਧਾਨ ਸਭਾ ਚੋਣਾਂ 2019 ਚ ਨਿਰਪੱਖ ਚੋਣਾਂ ਕਰਵਾਉਣ ਲਈ 19,578 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ, ਜਦੋਂ ਕਿ 27,611 ਈਵੀਐਮ ਅਤੇ ਵੀਵੀਪੀਏਟੀ ਵਰਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਇਸ ਦੌਰਾਨ ਸੂਬੇ ਦੇ ਲਗਭਗ 1.82 ਕਰੋੜ ਵੋਟਰ ਸਾਰੀਆਂ 90 ਸੀਟਾਂ 'ਤੇ ਕਿਸਮਤ ਅਜ਼ਮਾ ਰਹੇ 1169 ਉਮੀਦਵਾਰਾਂ ਦੀ ਦਾ ਕਿਸਮਤ ਦਾ ਫੈਸਲਾ ਕਰਨਗੇ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 2 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਇਸ ਵਾਰ ਕਾਂਗਰਸ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਰਮਿਆਨ ਚੋਣਾਂ ਦਾ ਸਿੱਧਾ ਮੁਕਾਬਲਾ ਹੈ। ਇਸ ਵਾਰ ਭਾਜਪਾ ਦਾ 75 ਸੀਟਾਂ ਜਿੱਤਣ ਦਾ ਟੀਚਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਜਪਾ ਨੇ ਧਾਰਾ 370 ਨੂੰ ਹਟਾਉਣ ਅਤੇ ਐਨਆਰਸੀ ਲਿਆਉਣ ਨੂੰ ਆਪਣਾ ਹਥਿਆਰ ਬਣਾਇਆ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਬੇਰੁਜ਼ਗਾਰੀ, ਆਰਥਿਕ ਮੰਦੀ ਅਤੇ ਕਿਸਾਨਾਂ ਦੀ ਵਧ ਰਹੀ ਮੁਸੀਬਤਾਂ ਦਾ ਮੁੱਦਾ ਬਣਾਇਆ ਹੈ।
ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਾਲੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵੀ ਵੱਡੀਆਂ ਪਾਰਟੀਆਂ ਦੀਆਂ ਵੋਟਾਂ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹਨ।