ਪੈਨ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਹੈ। ਇਸ ਦੇ ਲਈ ਇਨਕਮ ਟੈਕਸ ਵਿਭਾਗ ਦੁਆਰਾ ਵਾਰ-ਵਾਰ ਪੈਨ-ਆਧਾਰ ਕਾਰਡ ਨੂੰ ਜੋੜਨ ਲਈ ਸਮਾਂ ਮਿਆਦ ਵਧਾਉਣ ਦੇ ਬਾਵਜੂਦ 17 ਕਰੋੜ ਤੋਂ ਵੱਧ ਲੋਕ ਅਜਿਹੇ ਹਨ, ਜਿਨ੍ਹਾਂ ਨੇ ਹਾਲੇ ਤਕ ਪੈਨ-ਆਧਾਰ ਲਿੰਕ ਨਹੀਂ ਕਰਵਾਏ ਹਨ। ਅਜਿਹੇ ਲੋਕਾਂ ਦਾ ਪੈਨ ਕਾਰਡ ਰੱਦ ਹੋ ਸਕਦਾ ਹੈ।
ਲੋਕ ਸਭਾ 'ਚ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਜਨਵਰੀ 2020 ਤੱਕ 30.75 ਕਰੋੜ ਪੈਨ ਅਤੇ ਆਧਾਰ ਕਾਰਡਾਂ ਨੂੰ ਲਿੰਕ ਕੀਤਾ ਜਾ ਚੁੱਕਾ ਹੈ, ਜਦਕਿ 17.58 ਕਰੋੜ ਲੋਕਾਂ ਨੇ ਹਾਲੇ ਪੈਨ-ਆਧਾਰ ਨੂੰ ਨਹੀਂ ਲਿੰਕ ਕਰਵਾਇਆ ਹੈ। ਵਿੱਤ ਰਾਜ ਮੰਤਰੀ ਨੇ ਕਿਹਾ, "ਅੰਤਮ ਤਰੀਕ ਕਈ ਵਾਰ ਵਧਾਉਣ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਨੇ ਅਜੇ ਤੱਕ ਪੈਨ-ਅਧਾਰ ਨੂੰ ਨਹੀਂ ਲਿੰਕ ਕੀਤਾ ਹੈ। ਉਨ੍ਹਾਂ ਨੂੰ ਬਾਅਦ 'ਚ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ।"
ਇਸ ਸਮੇਂ ਕੁੱਲ 48 ਕਰੋੜ ਪੈਨ ਕਾਰਡ ਧਾਰਕ ਹਨ, ਜਦੋਂਕਿ ਆਧਾਰ ਕਾਰਡ ਧਾਰਕਾਂ ਦੀ ਗਿਣਤੀ 120 ਕਰੋੜ ਤੋਂ ਵੱਧ ਹੈ। ਇਨਕਮ ਟੈਕਸ ਵਿਭਾਗ ਦੇ ਅਨੁਸਾਰ ਹੁਣ ਰਿਟਰਨ ਫਾਈਲ ਕਰਨ ਲਈ ਇਨ੍ਹਾਂ ਦੋਹਾਂ ਨੰਬਰਾਂ ਵਿੱਚੋਂ ਇੱਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਇਸ ਦੇ ਲਈ ਪੈਨ-ਆਧਾਰ ਦਾ ਲਿੰਕ ਹੋਣਾ ਲਾਜ਼ਮੀ ਹੈ।
ਵਿੱਤੀ ਬਿੱਲ 2019 'ਚ ਸੋਧ ਤੋਂ ਬਾਅਦ ਆਮਦਨ ਟੈਕਸ ਵਿਭਾਗ ਨੂੰ ਹੁਣ ਇਹ ਅਧਿਕਾਰ ਮਿਲ ਗਿਆ ਹੈ ਕਿ ਸਮਾਂ ਸੀਮਾ ਪੂਰੀ ਹੋਣ ਤੱਕ ਜੇ ਕੋਈ ਆਪਣਾ ਪੈਨ ਅਤੇ ਆਧਾਰ ਨਹੀਂ ਲਿੰਕ ਕਰਵਾਉਂਦਾ ਤਾਂ ਉਸ ਦਾ ਪੈਨ ਕਾਰਡ ਰੱਦ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੈਨ ਅਤੇ ਆਧਾਰ ਲਿੰਕ ਕਰਨ ਦੀ ਅੰਤਮ ਤਰੀਕ 31 ਮਾਰਚ 2020 ਤੱਕ ਵਧਾਈ ਗਈ ਹੈ। ਪਹਿਲਾਂ ਇਸ ਦੀ ਅੰਤਮ ਤਰੀਕ 31 ਦਸੰਬਰ 2019 ਸੀ। ਇਨਕਮ ਟੈਕਸ ਕਾਨੂੰਨ ਦੀ ਧਾਰਾ-139 ਏਏ ਦੇ ਤਹਿਤ ਨਿਰਧਾਰਤ ਮਿਤੀ ਤੋਂ ਬਾਅਦ ਆਧਾਰ ਕਾਰਡ ਰੱਖਣ ਵਾਲੇ ਲੋਕਾਂ ਦਾ ਪੈਨ ਰੱਦ ਕਰ ਦਿੱਤਾ ਜਾਵੇਗਾ। ਇਹ ਸੋਧ 1 ਸਤੰਬਰ 2019 ਤੋਂ ਲਾਗੂ ਹੋ ਚੁੱਕਾ ਹੈ।
ਜੇ ਤੁਸੀ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਕਰਵਾ ਲਿਆ ਹੈ ਤਾਂ ਇਸ
https://www.incometaxindiaefiling.gov.in/home ਲਿੰਕ 'ਤੇ ਕਲਿੱਕ ਕਰ ਕੇ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ।
ਘਰ ਬੈਠੇ ਕਰਵਾ ਸਕਦੇ ਹੈ ਲਿੰਕ :
ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਸਰਕਾਰੀ ਵੈਬਸਾਈਟ www.incometaxindiaefiling.gov.in 'ਤੇ ਜਾਓ. ਖੱਬੇ ਪਾਸੇ 'Link Aadhaar' 'ਤੇ ਕਲਿੱਕ ਕਰੋ। ਜੇ ਤੁਹਾਡਾ ਖਾਤਾ ਨਹੀਂ ਬਣਿਆ ਤਾਂ ਪਹਿਲਾਂ ਰਜਿਸਟਰ ਕਰੋ। ਲੌਗਇਨ ਤੋਂ ਬਾਅਦ, ਖੁੱਲ੍ਹੇ ਪੇਜ ਉੱਤੇ ਪ੍ਰੋਫਾਈਲ ਸੈਟਿੰਗਾਂ ਦੀ ਚੋਣ ਕਰੋ। ਹੁਣ ਆਧਾਰ ਕਾਰਡ ਲਿੰਕ ਵਿਕਲਪ ਦੀ ਚੋਣ ਕਰੋ। ਆਪਣੀ ਆਧਾਰ ਕਾਰਡ ਦੀ ਜਾਣਕਾਰੀ ਅਤੇ ਕੈਪਚਰ ਕੋਡ ਨੂੰ ਇੱਥੇ ਭਰੋ। ਇਸ ਤੋਂ ਬਾਅਦ ਹੇਠਾਂ ਦਿੱਤੇ ਲਿੰਕ ਆਧਾਰ ਦੇ ਵਿਕਲਪ ਉੱਤੇ ਕਲਿੱਕ ਕਰੋ।
SMS ਰਾਹੀਂ ਵੀ ਕਰ ਸਕਦੇ ਹੈ ਲਿੰਕ :
ਐਸਐਮਐਸ ਸੇਵਾ ਦੀ ਵਰਤੋਂ ਕਰਨ ਲਈ 567678 ਜਾਂ 56161ਉੱਤੇ ਸੁਨੇਹਾ ਭੇਜ ਕੇ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰਵਾਇਆ ਜਾ ਸਕਦਾ ਹੈ।