ਟਾਟਾ ਸਮੂਹ ਨੇ ਸਿੰਗਾਪੁਰ ਏਅਰਲਾਇੰਸ ਦੇ ਸਹਿਯੋਗ ਨਾਲ ਏਅਰ ਇੰਡੀਆ ਲਈ ਬੋਲੀ ਲਗਾਉਣ ਦਾ ਮਨ ਬਣਾਇਆ ਹੈ। ਟਾਈਮਜ਼ ਆਫ਼ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ, ਟਾਟਾ ਸਮੂਹ ਫ਼ੈਸਲਾ ਲੈਣ ਦੇ ਆਖ਼ਰੀ ਪੜਾਅ 'ਤੇ ਪਹੁੰਚ ਗਿਆ ਹੈ ਅਤੇ ਸੌਦੇ ਦੇ ਸੁਭਾਅ 'ਤੇ ਕੰਮ ਜਾਰੀ ਹੈ।
ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦੀ ਸਥਾਪਨਾ 88 ਸਾਲ ਪਹਿਲਾਂ ਟਾਟਾ ਸਮੂਹ ਨੇ ਕੀਤੀ ਸੀ। ਏਅਰ ਇੰਡੀਆ ਦੀ ਸ਼ੁਰੂਆਤ ਸਾਲ 1932 ਵਿੱਚ ਟਾਟਾ ਏਅਰ ਸਰਵਿਸਿਜ਼ ਵਜੋਂ ਕੀਤੀ ਗਈ ਸੀ। ਇਸ ਦਾ ਰਾਸ਼ਟਰੀਕਰਨ 1947 ਵਿੱਚ ਕੀਤਾ ਗਿਆ ਅਤੇ ਇੱਕ ਸਾਲ ਬਾਅਦ ਇਸ ਦਾ ਨਾਮ ਬਦਲ ਕੇ ਏਅਰ ਇੰਡੀਆ ਕਰ ਦਿੱਤਾ ਗਿਆ।
ਟੈਟ ਸੰਨਜ਼ ਅਤੇ ਸਿੰਗਾਪੁਰ ਏਅਰਲਾਇੰਸ ਪਹਿਲਾਂ ਹੀ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਏਅਰ ਵਿਸਤਾਰਾ ਦਾ ਸੰਚਾਲਨ ਕਰ ਰਹੀਆਂ ਹਨ। ਟਾਟਾ ਸੰਨਜ਼ ਦੀ ਏਅਰ ਏਸ਼ੀਆ ਇੰਡੀਆ ਵਿੱਚ 51% ਹਿੱਸੇਦਾਰੀ ਹੈ ਅਤੇ ਬਾਕੀ 49% ਮਲੇਸ਼ੀਆ ਦੇ ਕਾਰੋਬਾਰੀ ਟੋਨੀ ਫਰਨਾਂਡਿਸ ਦੀ ਹੈ। ਟਾਟਾ ਸਮੂਹ ਨੇ ਏਅਰ ਇੰਡੀਆ ਐਕਸਪ੍ਰੈਸ ਦੀ ਪ੍ਰਾਪਤੀ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਟੋਨੀ ਫਰਨਾਂਡਿਸ ਤੋਂ ਮਨਜ਼ੂਰੀ ਮੰਗੀ ਹੈ।
ਦਰਅਸਲ, ਏਅਰ ਏਸ਼ੀਆ ਲਈ ਸੌਦੇ ਅਨੁਸਾਰ, ਟਾਟਾ ਸਮੂਹ ਕਿਸੇ ਵੀ ਬਜਟ ਏਅਰ ਲਾਈਨ ਵਿੱਚ 10 ਪ੍ਰਤੀਸ਼ਤ ਤੋਂ ਵੱਧ ਹਿੱਸੇਦਾਰੀ ਨਹੀਂ ਲੈ ਸਕਦਾ ਜਦੋਂ ਤੱਕ ਟੋਨੀ ਫਰਨਾਂਡਿਸ ਸਮਝੌਤੇ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਲਈ ਤਿਆਰ ਨਹੀਂ ਹੁੰਦਾ।
ਅਖ਼ਬਾਰ ਦੇ ਅਨੁਸਾਰ, ਇਕ ਨਵਾਂ ਸਮਝੌਤਾ ਹੋਣ ਹੀ ਵਾਲਾ ਹੈ, ਜਿਸ ਤਹਿਤ ਟਾਟਾ ਨੇ ਪ੍ਰਸਤਾਵ ਦਿੱਤਾ ਹੈ ਕਿ ਏਅਰ ਏਸ਼ੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੂੰ ਇੱਕ ਕਰ ਦਿੱਤਾ ਜਾਵੇਗਾ। ਇਸ ਨਾਲ ਭਾਰਤੀ ਹਵਾਬਾਜ਼ੀ ਖੇਤਰ ਵਿੱਚ ਟੋਨੀ ਫਰਨਾਂਡਿਸ ਦੀ ਹਿੱਸੇਦਾਰੀ ਵਧੇਗੀ। ਘਟਨਾਕ੍ਰਮ ਬਾਰੇ ਜਾਣੂ ਲੋਕਾਂ ਦੇ ਅਨੁਸਾਰ, ਇਹ ਦੋਵਾਂ ਲਈ ਇਕ ਜਿੱਤ ਦੀ ਸਥਿਤੀ ਹੋਵੇਗੀ।