ਜਨਤਕ ਖੇਤਰ ਦੇ ਬੈਂਕ ਕਰਮਚਾਰੀ ਬੁੱਧਵਾਰ ਨੂੰ ਹੜਤਾਲ `ਤੇ ਰਹਿਣਗੇ। ਜਨਤਕ ਖੇਤਰ ਦੇ ਬੈਂਕ ਕਰਮਚਾਰੀਆਂ ਦੀ ਯੂਲੀਅਨ ਨੇ ਬੈਂਕ ਆਫ ਬੜੌਦਾ `ਚ ਵਿਜੈ ਬੈਂਕ ਅਤੇ ਦੇਨਾ ਬੈਂਕ ਦੇ ਪ੍ਰਸਤਾਵਿਤ ਰਲੇਵੇਂ ਦੇ ਵਿਰੋਧ `ਚ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਨਾਲ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਨਿੱਜੀ ਖੇਤਰ ਦੀਆਂ ਬੈਂਕਾਂ `ਚ ਕੰਮਕਾਜ ਆਮ ਤਰ੍ਹਾਂ ਰਹੇਗਾ।
ਇਕ ਹਫਤੇ ਤੋਂ ਵੀ ਘੱਟ ਸਮੇਂ `ਚ ਇਹ ਦੂਜੀ ਬੈਂਕ ਹੜਤਾਲ ਹੈ। ਬੈਂਕ ਅਧਿਕਾਰੀਆਂ ਦੀ ਯੂਨੀਅਨ ਨੇ ਪ੍ਰਸਤਾਵਿਤ ਰਲੇਵੇਂ ਅਤੇ ਵੇਤਨ ਸੋਧ `ਤੇ ਗੱਲਬਾਤ ਨੂੰ ਛੇਤੀ ਸਿੱਟੇ `ਤੇ ਪਹੁੰਚਣ ਨੂੰ ਲੈ ਕੇ ਪਿਛਲੀ 21 ਦਸੰਬਰ ਨੂੰ ਵੀ ਹੜਤਾਲ ਕੀਤੀ ਸੀ। ਜਿ਼ਆਦਾਤਰ ਬੈਂਕਾਂ ਨੇ ਪਹਿਲਾਂ ਹੀ ਗ੍ਰਹਕਾਂ ਨੂੰ ਹੜਤਾਲ ਸਬੰਧੀ ਸੂਚਨਾ ਦੇ ਦਿੱਤੀ ਹੈ।
ਜਨਤਕ ਅਤੇ ਨਿੱਜੀ ਖੇਤਰ ਦੇ ਕਰੀਬ 10 ਲੱਖ ਕਰਮਚਾਰੀ ਅੱਜ ਹੜਤਾਲ `ਤੇ ਰਹਿਣਗੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ (ਯੂਐਫਬੀਯੂ) ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਯੂਐਫਬੀਯੂ ਨੌ ਬੈਂਕ ਯੂਨੀਅਨਾਂ ਦਾ ਸੰਗਠਨ ਹੈ। ਇਸ `ਚ ਆਲ ਇੰਡੀਆ ਬੈਂਕ ਆਫਿਸਰ ਕਾਨਫੇਡਰੇਸ਼ਨ (ਏਆਈਬੀਓਸੀ), ਆਲ ਇੰਡੀਆ ਬੈਂਕ ਇੰਪਲਾਈਜ ਐਸੋਸੀਏਸ਼ਨ (ਏਆਈਬੀਈਏ), ਨੈਸ਼ਨਲ ਕਨਫੇਡਰੇਸ਼ਨ ਆਫ ਬੈਂਕ ਇੰਪਲਾਈਜ਼ (ਐਨਸੀਬੀਈ) ਅਤੇ ਨੈਸ਼ਨਲ ਆਰਗੇਨਾਈਜੇਸ਼ਨ ਆਫ ਬੈਂਕ ਵਰਕਰਜ਼ (ਐਨਓਬੀਡਬਲਿਊ) ਆਦਿ ਯੂਨੀਅਨਾਂ ਸ਼ਾਮਲ ਹਨ।