ਵਾਹਨ ਉਦਯੋਗ ਨੂੰ ਜੁਲਾਈ ਵਿੱਚ ਵੀ ਵੱਡਾ ਝਟਕਾ ਲੱਗਾ ਹੈ। ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਵਿਕਰੀ ਜੁਲਾਈ ਵਿੱਚ 36.3% ਘੱਟ ਗਈ ਜੋ ਸੱਤ ਸਾਲਾਂ ਵਿੱਚ ਸਭ ਤੋਂ ਘੱਟ ਹੈ। ਹੁੰਦਈ, ਮਹਿੰਦਰਾ, ਹੌਂਡਾ ਕਾਰਸ ਅਤੇ ਟੋਇਟਾ ਦੀ ਵਿਕਰੀ ਵੀ 10 ਪ੍ਰਤੀਸ਼ਤ ਘੱਟ ਗਈ ਹੈ।
ਮਾਰੂਤੀ ਨੇ ਜੁਲਾਈ ਵਿਚ 98,210 ਕਾਰਾਂ ਵੇਚੀਆਂ, ਜਦੋਂ ਕਿ ਜੁਲਾਈ 2018 ਵਿੱਚ 1,54,150 ਵਾਹਨ ਵੇਚੇ ਸਨ। ਜੂਨ 2017 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਸ ਦੀ ਘਰੇਲੂ ਵਿਕਰੀ ਮਹੀਨੇ ਵਿੱਚ ਇਕ ਲੱਖ ਤੋਂ ਘੱਟ ਸੀ।
ਆਲਟੋ ਅਤੇ ਵੈਗਨਆਰ ਸਮੇਤ ਮਿੰਨੀ ਕਾਰਾਂ ਦੀ ਵਿਕਰੀ ਤਾਂ ਪਿਛਲੇ ਸਾਲ ਦੇ 37,710 ਦੇ ਮੁਕਾਬਲੇ 69.30 ਫ਼ੀਸਦ ਘੱਟ ਕੇ 11,577 ਇਕਾਈਆਂ ਹੋ ਗਈ। ਕਾਮਪੈਕਟ ਕਲਾਸ ਦੇ ਵਾਹਨਾਂ ਦੀ ਵਿਕਰੀ 22.70 ਪ੍ਰਤੀਸ਼ਤ ਅਤੇ ਵਿਟਾਰਾ ਬਰੇਜਾ, ਐੱਸ ਕਰਾਸ ਅਤੇ ਅਰਟੀਗਾ ਸਮੇਤ ਯੂਟੀਲਿਟੀ ਵਾਹਨਾਂ ਦੀ ਵਿਕਰੀ ਵੀ 38.10 ਪ੍ਰਤੀਸ਼ਤ ਘੱਟ ਰਹੀ।
ਮੰਦੀ ਦੀ ਲਪੇਟ 'ਚ ਆਟੋ ਸੈਕਟਰ
ਹੌਂਡਾ ਕਾਰਾਂ ਦੇ ਡਾਇਰੈਕਟਰ (ਸੇਲਜ਼ ਐਂਡ ਮਾਰਕੀਟਿੰਗ) ਰਾਜੇਸ਼ ਗੋਇਲ ਨੇ ਕਿਹਾ ਕਿ ਮੰਦੀ ਅਤੇ ਖ਼ਰੀਦਦਾਰਾਂ ਦੀ ਸੁਸਤ ਅਤੇ ਕਮਜ਼ੋਰ ਮੰਗ ਕਾਰਨ ਪਿਛਲੇ ਮਹੀਨੇ ਵਾਹਨ ਉਦਯੋਗ ਵਿੱਚ ਗਿਰਾਵਟ ਵਧੀ ਹੈ। ਵਿੱਤੀ ਸਾਲ ਦੀ ਗਿਰਾਵਟ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੀ ਗਿਰਾਵਟ ਨਾਲ ਵੀ ਸਭ ਤੋਂ ਜ਼ਿਆਦਾ ਚਿੰਤਾਜਨਕ ਹੈ।
ਦੋਪਹੀਆ ਵਾਹਨ ਉਦਯੋਗ ਵੀ ਮੰਦੀ ਦੀ ਮਾਰ ਹੇਠ
ਦੋਪਹੀਆ ਵਾਹਨ ਨਿਰਮਾਤਾ ਬਜਾਜ ਆਟੋ ਦੀ ਘਰੇਲੂ ਵਿੱਕਰੀ ਪਿਛਲੇ ਸਾਲ ਦੇ 2,37,511 ਵਾਹਨਾਂ ਦੇ ਮੁਕਾਬਲੇ 13 ਪ੍ਰਤੀਸ਼ਤ ਘੱਟ ਕੇ 2,05,470 ਦੋਪਹੀਆ ਵਾਹਨਾਂ 'ਤੇ ਰਹੀ। ਟੀਵੀਐਸ ਮੋਟਰ ਕੰਪਨੀ ਦੀ ਘਰੇਲੂ ਵਿਕਰੀ ਜੁਲਾਈ ਵਿੱਚ 2,08,489 ਵਾਹਨ ਰਹੀ ਜੋ ਪਿਛਲੇ ਸਾਲ ਇਸੇ ਮਿਆਦ ਵਿੱਚ 2,47,382 ਵਾਹਨਾਂ ਦੀ ਵਿਕਰੀ ਨਾਲੋਂ 15.72 ਪ੍ਰਤੀਸ਼ਤ ਘੱਟ ਹੈ। ਸੁਜ਼ੂਕੀ ਦੀ ਘਰੇਲੂ ਵਿਕਰੀ ਜੁਲਾਈ ਵਿੱਚ 17 ਪ੍ਰਤੀਸ਼ਤ ਵੱਧ ਕੇ 62,366 ਵਾਹਨ ਰਹੀ ਜੋ ਪਿਛਲੇ ਸਾਲ ਜੁਲਾਈ ਵਿੱਚ 53,321 ਵਾਹਨ ਸੀ।