ਕੋਰੋਨਾ ਵਾਇਰਸ ਕਾਰਨ ਚੀਨ ਦੀ ਅਰਥ–ਵਿਵਸਥਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਾਰੀਆਂ ਵੱਡੀਆਂ ਕੰਪਨੀਆਂ ਬੰਦ ਪਈਆਂ ਹਨ। ਅਜਿਹੇ ਮਾਹੌਲ ’ਚ ਭਾਰਤੀ ਐਸੋਚੈਮ ਦਾ ਮੰਨਣਾ ਹੈ ਕਿ ਇਸ ਵਾਇਰਸ ਕਾਰਨ ਵਿਸ਼ਵ ਦੇ ਬਰਾਮਦ ਬਾਜ਼ਾਰ ’ਚ ਚੀਨ ਦੀ ਖ਼ਾਲੀ ਥਾਂ ਹੁਣ ਭਾਰਤ ਭਰ ਸਕਦਾ ਹੈ।
ਐਸੋਚੈਮ ਦਾ ਕਹਿਣਾ ਹੈ ਕਿ ਭਾਰਤ ਇਲੈਕਟ੍ਰੌਨਿਕਸ, ਫ਼ਾਰਮਾਸਿਊਟੀਕਲਜ਼, ਵਿਸ਼ੇਸ਼ ਪ੍ਰਕਾਰ ਦੇ ਕੈਮੀਕਲਜ਼ ਅਤੇ ਵਾਹਨਾਂ ਦੀ ਬਰਾਮਦ ਲਈ ਕੱਚੇ ਮਾਲ ਵਾਸਤੇ ਚੀਨ ਉੱਤੇ ਨਿਰਭਰ ਹੈ ਤੇ ਉਨ੍ਹਾਂ ਨੂੰ ਸਪਲਾਈ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫਿਰ ਵੀ ਕਈ ਅਜਿਹੇ ਸੈਕਟਰ ਹਨ, ਜਿੱਥੇ ਸਥਾਨਕ ਕਾਰੋਬਾਰੀਆਂ ਲਈ ਮੌਕੇ ਵਧੇ ਹਨ। ‘ਇੰਡੀਆ ਟੂਡੇ’ ਅਤੇ ਟੀਵੀ ਚੈਨਲ ‘ਆਜ ਤੱਕ’ ਨੇ ਇਸ ਬਾਰੇ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੀ ਹੈ। ਉਸ ਰਿਪੋਰਟ ਮੁਤਾਬਕ ਐਸਚੈਮ ਦੇ ਜਨਰਲ ਸਕੱਤਰ ਦੀਪਕ ਸੂਦ ਨੇ ਕਿਹਾ ਹੈ ਕਿ ਕੁਝ ਸੈਕਟਰਾਂ ਨੂੰ ਛੱਡ ਕੇ ਭਾਰਤ ਦੇ ਵੱਡੀ ਗਿਣਤੀ ’ਚ ਇੰਜੀਨੀਅਰਿੰਗ ਬਰਾਮਦਕਾਰ ਚੀਨ ਵੱਲੋਂ ਖ਼ਾਲੀ ਕੀਤੇ ਬਾਜ਼ਾਰ ਨੂੰ ਹਾਸਲ ਕਰ ਸਕਦੇ ਹਨ। ਕੁਝ ਅਜਿਹੀ ਸਥਿਤੀ ਚਮੜਾ ਤੇ ਚਮੜਾ ਸਾਮਾਨ ਖੇਤਰ ਨੂੰ ਲੈ ਕੇ ਵੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਖੇਤੀ ਤੇ ਕਾਲੀਨ ਖੇਤਰ ਵਿੱਚ ਵੀ ਮੌਕੇ ਤਲਾਸ਼ ਕਰ ਸਕਦਾ ਹੈ। ਸ੍ਰੀ ਦੀਪਕ ਸੂਦ ਨੇ ਅੱਗੇ ਕਿਹਾ ਕਿ ਚੀਨ ਦੇ ਬਰਾਮਦਕਾਰ ਜਦੋਂ ਆਪਣੀ ਸਪਲਾਈ ਨੂੰ ਆਮ ਵਰਗੀ ਹਾਲਤ ਵਿੱਚ ਆਉਣਗੇ, ਉਸ ਵੇਲੇ ਵੀ ਸਾਡੇ ਕਈ ਖੇਤਰਾਂ ਨੂੰ ਉਸ ਨਾਲ ਮੁਕਾਬਲਾ ਕਰਨ ਲਈ ਆਪਣਾ ਉਤਪਾਦਨ ਪੱਧਰ ਬਿਹਤਰ ਬਣਾਉਣਾ ਹੋਵੇਗਾ।
ਐਸੋਚੈਮ ਮੁਤਾਬਕ ਕੋਰੋਨਾ ਵਾਇਰਸ ਜਿਹੀ ਕੁਦਰਤੀ ਆਫ਼ਤ ਅੱਜ ਸਮੁੱਚੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ ਪਰ ਭਾਰਤ ਜਿਹੀਆਂ ਵੱਡੀਆਂ ਅਰਥ–ਵਿਵਸਥਾਵਾਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਸ ਖ਼ਾਲੀ ਸਥਾਨ ਦੀ ਭਰਪਾਈ ਕਰੇ। ਭਾਰਤ ਜਿਹੇ ਦੇਸ਼ਾਂ ਨੁੰ ਇਸ ਮੁੱਦੇ ਉੱਤੇ ਸਪੱਸ਼ਟ ਰਣਨੀਤੀ ਉਲੀਕਣੀ ਚਾਹੀਦੀ ਹੈ।