ਦੇਸ਼ ਵਿੱਚ ਆਰਥਿਕ ਸੁਸਤੀ ਤੇ ਆਟੋ ਸੈਕਟਰ ’ਚ ਮੰਦੀ ਕਾਰਨ ਪ੍ਰਮੁੱਖ ਆਟੋ ਕੰਪਨੀ ਟਾਟਾ ਮੋਟਰਜ਼ ਦੀਆਂ ਔਕੜਾਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਟਾਟਾ ਮੋਟਰਜ਼ ’ਤੇ ਕਰਜ਼ੇ ਦਾ ਬੋਝ ਹੁਣ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਇਸ ਦੇ ਪ੍ਰੋਮੋਟਰਜ਼ ਨੂੰ ਕੰਪਨੀ ਵਿੱਚ 6,500 ਕਰੋੜ ਰੁਪਏ ਦੀ ਪੂੰਜੀ ਹੋਰ ਲਾਉਣੀ ਪਈ ਹੈ।
ਇਸ ਤੋਂ ਇਲਾਵਾ ਰੀਪੇਅਮੈਂਟ, ਰੀਫ਼ਾਈਨਾਂਸਿੰਗ ਤੇ ਵਰਕਿੰਗ ਕੈਪੀਟਲਜ਼ ਦੀ ਜ਼ਰੂਰਤ ਪੂਰੀ ਕਰਨ ਲਈ ਕੰਪਨੀ ਨੂੰ ਬਾਹਰੋਂ ਵੀ 3,500 ਕਰੋੜ ਰੁਪਏ ਦਾ ਇੰਤਜ਼ਾਮ ਕਰਨਾ ਪਿਆ ਹੈ। ‘ਬਿਜ਼ਨੇਸ ਟੂਡੇ’ ਦੀ ਰਿਪੋਰਟ ਮੁਤਾਬਕ ਜੂਨ 2019 ਦੌਰਾਨ ਟਾਟਾ ਮੋਟਰਜ਼ ਸਿਰ ਜਿਹੜਾ ਕਰਜ਼ਾ 1.14 ਲੱਖ ਕਰੋੜ ਰੁਪਏ ਸੀ; ਉਹ ਹੁਣ ਸਤੰਬਰ 2019 ’ਚ ਵਧ ਕੇ 1.17 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ ਹੈ। ਇਸ ਵਿੱਚ ਜੈਗੁਆਰ, ਲੈਂਡ ਰੋਵਰ ਤੇ ਆਟੋ ਫ਼ਾਈਨਾਂਸ ਬਿਜ਼ਨੇਸ ਦਾ ਕਰਜ਼ਾ ਵੀ ਸ਼ਾਮਲ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕੰਪਨੀ ਦੇ ਆਟੋਮੋਟਿਵ ਬਿਜ਼ਨੇਸ ਦਾ ਸ਼ੁੱਧ ਕਰਜ਼ਾ 46,515 ਕਰੋੜ ਰੁਪਏ ਤੋਂ ਵਧ ਕੇ 50,065 ਕਰੋੜ ਰੁਪਏ ਤੱਕ ਪੁੱਜ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਦਾ ਕੰਸੌਲੀਡੇਟਡ ਨੈੰਟ ਆਟੋਮੋਟਿਵ ਡੈੱਟ ਇਕਵਿਟੀ ਅਨੁਪਾਤ ਵੀ ਪਿਛਲੇ ਸਾਲ ਦੇ 0.43 ਦੇ ਮੁਕਾਬਲੇ ਵਧ ਕੇ 0.96 ਹੋ ਗਿਆ ਹੈ।
ਇਕੱਲੇ ਟਾਟਾ ਮੋਟਰਜ਼ ਲਿਮਿਟੇਡ ਦੇ ਆਟੋਮੋਟਿਵ ਬਿਜ਼ਨੇਸ ਦਾ ਸ਼ੁੱਧ ਕਰਜ਼ਾ ਜੂਨ 2019 ਦੇ 21,718 ਕਰੋੜ ਰੁਪਏ ਦੇ ਮੁਕਾਬਲੇ ਵਧ ਕੇ 23,685 ਕਰੋੜ ਰੁਪਏ ਹੋ ਗਿਆ ਹੈ।
ਇਸ ਤੋਂ ਪਹਿਲਾਂ ਮਾਰਚ ਮਹੀਨੇ ਇਹ 15,658 ਕਰੋੜ ਰੁਪਏ ਸੀ। ਕੰਪਨੀ ਦੀ ਨੈੱਟ ਡੈੱਟ ਇਕਵਿਟੀ ਵੀ ਮਾਰਚ 0.71 ਦੇ ਮੁਕਾਬਲੇ ਵਧ ਕੇ 1.17 ਹੋ ਗਈ ਹੈ। ਇਸ ਅਨੁਪਾਤ ਕਾਰਨ ਹੀ ਟਾਟਾ ਸੰਨਜ਼ ਨੂੰ ਹੁਣ ਕੰਪਨੀ ਵਿੱਚ ਵਾਧੂ ਪੂੰਜੀ ਲਾਉਣੀ ਪੈ ਰਹੀ ਹੈ।