ਡਾਲਰ ਦੇ ਮੁਕਾਬਲੇ ਲਗਾਤਾਰ ਰੁਪਏ ਵਿੱਚ ਗਿਰਾਵਟ ਨੇ ਵਿਦੇਸ਼ਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਅਮਰੀਕਾ 'ਚ ਰਹਿ ਰਹੇ ਭਾਰਤੀ ਵਿਦਿਆਰਥੀ ਆਪਣੇ ਖਰਚਿਆਂ ਤੇ ਲੋੜਾਂ ਪੂਰੀਆਂ ਕਰਨ ਲਈ ਨਾ ਕੇਵਲ ਪਾਰਟ ਟਾਈਮ ਕੰਮ ਕਰ ਰਹੇ ਹਨ, ਬਲਕਿ ਉਨ੍ਹਾਂ ਨੇ ਆਪਣਾ ਬਾਹਰ ਦਾ ਖਾਣਾ ਵੀ ਘਟਾ ਦਿੱਤਾ ਹੈ ਤੇ ਉਹ ਘਰ ਵਿੱਚ ਖਾਣਾ ਪਕਾ ਕੇ ਖਾ ਰਹੇ ਹਨ।
ਵਿਦੇਸ਼ ਵਿਚ ਰਹਿ ਰਹੇ ਬੱਚਿਆਂ ਦੇ ਖਰਚ 'ਚ 7 ਤੋਂ 9 ਫੀਸਦੀ ਦਾ ਵਾਧਾ ਹੋਇਆ ਹੈ ਤੇ ਉਹ ਆਪਣੀ ਬੱਚਤ ਤੇ ਨਿਵੇਸ਼ ਸਕੀਮਾਂ ਵਿੱਚ ਵੀ ਤਬਦੀਲੀਆਂ ਕਰ ਰਹੇ ਹਨ।
ਉਦਾਹਰਣ ਵਜੋਂ ਮੁੰਬਈ ਦੇ ਨਿਵਾਸੀ ਵੈਦ ਦੇ ਦੋ ਬੱਚੇ ਅਮਰੀਕਾ ਵਿਚ ਪੜ੍ਹ ਰਹੇ ਹਨ। ਪਿਛਲੇ ਛੇ ਮਹੀਨਿਆਂ 'ਚ ਰੁਪਏ 'ਚ ਲਗਾਤਾਰ ਗਿਰਾਵਟ ਆਉਣ ਤੋਂ ਬਾਅਦ, ਉਹ ਆਪਣੇ ਸਭ ਤੋਂ ਵੱਡੇ ਪੁੱਤਰ ਦੇ ਕਨਵੋਕੇਸ਼ਨ ਵਿੱਚ ਜਾਣ ਦੀ ਯੋਜਨਾ ਰੱਦ ਕਰਨ ਬਾਰੇ ਸੋਚ ਰਹੇ ਹਨ।
ਕਸਟਮ ਕਲੀਅਰੈਂਸ ਵਪਾਰੀ ਪ੍ਰਫੁੱਲ ਵੇਦਕ ਨੇ ਕਿਹਾ, "ਅਸੀਂ ਦੋਵਾਂ ਬੱਚਿਆਂ ਲਈ ਜਦੋਂ ਫੰਡਿੰਗ ਕੀਤੀ ਤਾਂ ਕੀਮਤ 70 ਰੁਪਏ ਸੀ। ਪਰ ਜਦੋਂ ਰੁਪਏ ਦਾ ਰੇਟ ਡਿੱਗਿਆ ਤਾਂ ਅਸੀਂ ਉਡੀਕ ਕੀਤੀ। ਸਾਨੂੰ ਆਸ ਸੀ ਕਿ ਇਹ ਸਥਿਰ ਹੋਵੇਗਾ। ਪਰ ਇਹ ਘਟਣਾ ਜਾਰੀ ਰਿਹਾ। ਹੁਣ ਇਸ ਨੂੰ ਨਵੇਂ ਡਾਲਰ ਦੀ ਦਰ 'ਤੇ ਅਦਾ ਕਰ ਰਹੇ ਹਾਂ ਤੇ ਲੇਟ ਫੀਸਾਂ ਨਾਲ ਭੁਗਤਾਨ ਕਰਨ ਦੀ ਉਡੀਕ ਕਰ ਰਹੇ ਹਾਂ। ਅਸੀਂ ਯੋਜਨਾ ਬਣਾ ਰਹੇ ਹਾਂ ਕਿ ਜੇ ਸਥਿਤੀ ਹੋਰ ਵਿਗੜਦੀ ਹੈ ਤਾਂ ਅਸੀਂ ਆਪਣੀ ਯਾਤਰਾ ਨੂੰ ਰੱਦ ਕਰ ਦੇਵਾਂਗੇ। "