ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ 'ਚ ਲੌਕਡਾਊਨ ਦੌਰਾਨ ਆਮ ਆਦਮੀ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ, ਦੇਸ਼ ਦੀ ਆਇਲ ਮਾਰਕੀਟਿੰਗ ਕੰਪਨੀਆਂ HPCL, BPCL ਤੇ IOC ਨੇ ਗ਼ੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ 14.2 ਕਿਲੋਗ੍ਰਾਮ ਵਾਲਾ ਐਲ.ਪੀ.ਜੀ. ਸਿਲੰਡਰ 162.5 ਰੁਪਏ ਪ੍ਰਤੀ ਸਿਲੰਡਰ ਕਰ ਦਿੱਤਾ ਹੈ। 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਨਵੀਂ ਕੀਮਤ ਹੁਣ 581.50 ਰੁਪਏ 'ਤੇ ਆ ਗਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਆਇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 256 ਰੁਪਏ ਘਟਾ ਕੇ 1,029.50 ਰੁਪਏ ਕਰ ਦਿੱਤੀ ਹੈ। ਇੰਡੀਅਨ ਆਇਲ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦਿੱਲੀ 'ਚ 14.2 ਕਿਲੋ ਦੇ ਗ਼ੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 581 ਰੁਪਏ ਹੋ ਗਈ ਹੈ, ਜੋ ਪਹਿਲਾਂ 744 ਰੁਪਏ ਸੀ। ਇਸ ਤੋਂ ਇਲਾਵਾ 14.2 ਕਿਲੋ ਗੈਰ-ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਕੋਲਕਾਤਾ 'ਚ 584.50 ਰੁਪਏ, ਮੁੰਬਈ 'ਚ 579.00 ਰੁਪਏ ਅਤੇ ਚੇਨਈ 'ਚ 569.50 ਰੁਪਏ ਹੋ ਗਈ ਹੈ। ਕੋਲਕਾਤਾ, ਮੁੰਬਈ ਅਤੇ ਚੇਨਈ 'ਚ ਇਸ ਸਿਲੰਡਰ ਦੀ ਕੀਮਤ ਲੜੀਵਾਰ 774.50 ਰੁਪਏ, 714.50 ਰੁਪਏ ਤੇ 761.50 ਰੁਪਏ ਸੀ।
ਦੱਸ ਦੇਈਏ ਕਿ ਪਿਛਲੇ ਮਹੀਨੇ 1 ਅਪ੍ਰੈਲ ਨੂੰ ਆਇਲ ਮਾਰਕੀਟਿੰਗ ਕੰਪਨੀਆਂ ਨੇ ਐਲ.ਪੀ.ਜੀ. ਦੀ ਕੀਮਤ ਘਟਾ ਦਿੱਤੀ ਸੀ। ਉਸ ਸਮੇਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੇ ਤਰਲ ਪੈਟ੍ਰੋਲੀਅਮ ਗੈਸ ਯਾਨੀ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 61 ਰੁਪਏ ਦੀ ਕਮੀ ਆਈ ਸੀ।
ਇਸ ਦੇ ਨਾਲ ਹੀ ਕੋਲਕਾਤਾ ਵਿੱਚ ਐਲ.ਪੀ.ਜੀ. ਸਿਲੰਡਰ ਦੀ ਕੀਮਤ 'ਚ 65 ਰੁਪਏ, ਮੁੰਬਈ 'ਚ 62 ਰੁਪਏ ਅਤੇ ਚੇਨਈ 'ਚ 64.40 ਰੁਪਏ ਦੀ ਕਟੌਤੀ ਕੀਤੀ ਗਈ ਸੀ। ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ 'ਚ ਸਬਸਿਡੀ ਤੋਂ ਬਿਨਾਂ 14.2 ਕਿੱਲੋ ਐਲ.ਪੀ.ਜੀ ਸਿਲੰਡਰ ਦੀ ਕੀਮਤ ਲੜੀਵਾਰ 744 ਰੁਪਏ, 774 ਰੁਪਏ, 714.50 ਰੁਪਏ ਤੇ 761.50 ਰੁਪਏ ਹੋ ਗਈ ਸੀ।