ਸਰਕਾਰੀ ਆਇਲ ਮਾਰਕੀਟਿੰਗ ਕੰਪਨੀ, ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਆਪਣੇ ਪੈਟਰੋਲ ਪੰਪ ਦੀ ਸੰਖਿਆ ਵਧਾਉਣ ਦੀ ਤਿਆਰੀ ਕਰ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਗਲੇ ਤਿੰਨ ਸਾਲ 'ਚ ਕੰਪਨੀ ਆਪਣੇ ਨੈਟਵਰਕ ਨੂੰ ਵਧਾ ਕੇ 52,000 ਪੈਟਰੋਲ ਪੰਪ ਤੱਕ ਕਰਨਾ ਚਾਹੁੰਦੀ ਹੈ।
ਇੰਡੀਅਨ ਆਇਲ ਦੇ ਮਾਰਕੀਟਿੰਗ ਡਾਇਰੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਕੰਪਨੀ ਅਗਲੇ ਤਿੰਨ ਸਾਲ ਦੌਰਾਨ ਮੌਜੂਦਾ 27,285 ਪੈਟਰੋਲ ਪੰਪਾਂ ਦੀ ਸੰਖਿਆ ਵਧਾ ਕੇ 52,000 ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕੰਪਨੀ ਦੀ ਮਾਲਕੀ ਅਤੇ ਕੰਪਨੀ ਵਲੋਂ ਚਲਾਉਣ ਵਾਲੇ ਆਊਟਲੇਟ ਦੀ ਸੰਖਿਆ ਕਿੰਨੀ ਹੋਵੇਗੀ। ਕੰਪਨੀ ਇਹ ਕਦਮ ਭਾਰਤੀ ਬਾਜ਼ਾਰ 'ਚ ਆਪਣੀ ਸਥਿਤੀ ਅਤੇ ਮੌਜੂਦਾ 44 ਫੀਸਦੀ ਬਾਜ਼ਾਰ ਹਿੱਸੇਦਾਰੀ ਨੂੰ ਬਰਕਰਾਰ ਰੱਖਣ ਲਈ ਕਰ ਰਹੀ ਹੈ।
ਈਰਾਨ 'ਤੇ ਪਾਬੰਧੀ ਦੇ ਬਾਰੇ 'ਚ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਪਾਬੰਧੀ ਕਾਰਨ ਕਾਰੋਬਾਰ 'ਤੇ ਅਸਰ ਪਵੇਗਾ ਕਿਉਂਕਿ ਈਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਭਾਰਤ ਦੋਵਾਂ ਲਈ ਮੁੱਖ ਪੂਰਤੀਕਰਤਾ ਹੈ।
ਹਾਲਾਂਕਿ ਇੰਡੀਅਨ ਆਇਲ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ 'ਇਰਾਨ ਨਾਲ ਇਸ ਸਾਲ ਦੇ ਲਈ ਜਿੰਨੇ ਵੀ ਇਕਰਾਰਨਾਮੇ ਕੀਤੇ ਗਏ ਸਨ ਉਸ ਦੀ ਖਰੀਦ ਉਸੇ ਅਨੁਪਾਤ 'ਚ ਹੁਣ ਤੱਕ ਕੀਤੀ ਜਾ ਚੁੱਕੀ ਹੈ। ਸਾਡੇ ਕੋਲ ਹੋਰ ਵਿਕਲਪ ਵੀ ਮੌਜੂਦ ਹਨ। ਪਾਬੰਧੀ 4 ਨਵੰਬਰ ਨੂੰ ਲਗਾਈ ਗਈ ਸੀ ਜਿਸ 'ਤੇ ਭਾਰਤ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ।
ਕੰਪਨੀ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਪੈਟਰੋਲ ਪੰਪ 'ਤੇ ਪ੍ਰਧਾਨ ਮੰਤਰੀ ਦੀ ਤਸਵੀਰ ਦੇ ਨਾਲ ਹੋਰਡਿੰਗ ਲਗਾਉਣਾ ਉਨ੍ਹਾਂ ਲਈ ਆਮ ਗਤੀਵਿਧੀ ਹੈ। ਪਰ ਪੈਟਰੋਲ ਪੰਪ 'ਤੇ ਇਸ ਤਰ੍ਹਾਂ ਦੇ ਹੋਰਡਿੰਗ ਲਗਾਏ ਜਾਣ ਨਾਲ ਤੇਲ ਮੰਤਰਾਲੇ ਲਈ ਇਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ।