ਅੱਜ ਸੋਮਵਾਰ ਨੂੰ ਸ਼ੇਅਰ ਬਾਜ਼ਾਰ ’ਤੇ ਕੋਰੋਨਾ ਵਾਇਰਸ ਦਾ ਪ੍ਰਭਾਵ ਸਪੱਸ਼ਟ ਵਿਖਾਈ ਦਿੱਤਾ। ਘਰੇਲੂ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹੇ। ਸੈਂਸੈਕਸ 1,000 ਅੰਕ ਟੁੱਟ ਕੇ 33,103.24 ਦੇ ਪੱਧਰ ਉੱਤੇ ਖੁੱਲ੍ਹਿਆ ਤੇ ਉੱਧਰ ਨਿਫ਼ਟੀ 367 ਅੰਕਾਂ ਦੀ ਗਿਰਾਵਟ ਨਾਲ 9,587.80 ਦੇ ਪੱਧਰ ਉੱਤੇ ਖੁੱਲ੍ਹਿਆ।
ਪ੍ਰੀ–ਓਪਨਿੰਗ ’ਚ ਹੀ ਸੈਂਸੈਕਸ ਸਵੇਰੇ 0:12 ਵਜੇ 1,000 ਅੰਕਾਂ ਦਾ ਗੋਤਾ ਲਾ ਚੁੱਕਾ ਸੀ। ਬੀਤੇ ਸ਼ੁੱਕਰਵਾਰ ਨੂੰ ਵੀ ਭਾਰਤੀ ਸ਼ੇਅਰ–ਬਾਜ਼ਾਰ ਦੀ ਹਾਲਤ ਕੁਝ ਮਾੜੀ ਹੀ ਰਹੀ ਸੀ।
ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ ਅੱਜ ਸੋਮਵਾਰ ਨੂੰ 1545 ਅੰਕਾਂ ਦਾ ਗੋਤਾ ਲਾ ਚੁੱਕਾ ਚੁੱਕਾ ਹੈ ਤੇ ਉਹ 32,557.64 ਦੇ ਪੱਧਰ ਉੱਤੇ ਆ ਗਿਆ ਹੈ। ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) ’ਚ ਬੀਤੇ ਹਫ਼ਤੇ 4,22,393.44 ਕਰੋੜ ਰੁਪਏ ਦੀ ਭਾਰੀ ਗਿਰਾਵਟ ਆਈ ਸੀ।
ਸਭ ਤੋਂ ਵੱਧ ਨੁਕਸਾਨ ਵਿੱਚ ਟਾਟਾ ਕਨਸਲਟੈਂਸੀ ਸਰਵਿਸੇਜ਼ (TCS) ਅਤੇ ਰਿਲਾਇੰਸ ਇੰਡਸਟ੍ਰੀਜ਼ (RIL) ਰਹੀਆਂ। ਬੀਤੇ ਹਫ਼ਤੇ ਸ਼ੇਅਰ ਬਾਜ਼ਾਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਛਾਇਆ ਰਿਹਾ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਇਸ ਕਾਰਨ ਪ੍ਰਭਾਵਿਤ ਹੋਏ। ਇਸ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰਾਂ ਉੱਤੇ ਵੀ ਪਿਆ। ਇੱਥੇ ਵੀ ਘਬਰਾਏ ਨਿਵੇਸ਼ਕਾਂ ਨੇ ਬਹੁਤ ਜ਼ਿਆਦਾ ਵਿਕਰੀ ਕੀਤੀ।
ਹਫ਼ਤੇ ਦੌਰਾਨ ਬੌਂਬੇ ਸਟਾਕ ਐਕਸਚੇਂਜ (BSE) 3,473.14 ਅੰਕ ਜਾਂ 9.24 ਫ਼ੀ ਸਦੀ ਹੇਠਾਂ ਆਇਆ। ਹਫ਼ਤੇ ਦੌਰਾਨ TCS ਦਾ ਬਾਜ਼ਾਰ ਪੂੰਜੀਕਰਨ 1,16,549.07 ਕਰੋੜ ਰੁਪਏ ਘਟ ਕੇ 6,78,168.49 ਕਰੋੜ ਰੁਪਏ ਉੱਤੇ ਆ ਗਿਆ। ਰਿਲਾਇੰਸ ਇੰਡਸਟ੍ਰੀਜ਼ ਦਾ ਬਾਜ਼ਾਰ ਮੁਲਾਂਕਣ 1,03,425.15 ਕਰੋੜ ਰੁਪਏ ਘਟ ਕੇ 7,01,693.52 ਕਰੋੜ ਰੁਪਏ ਰਹਿ ਗਿਆ।
ਇਸੇ ਤਰ੍ਹਾਂ ਇਨਫ਼ੋਸਿਸ ਦੀ ਬਾਜ਼ਾਰ ਹੈਸੀਅਤ ’ਚ ਵੀ ਵੱਡੀ ਗਿਰਾਵਟ ਆਈ।