ਜੈੱਟ ਏਅਰਵੇਜ਼ ਦੇ ਪਾਇਲਟਾਂ ਨੇ ਅੱਜ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ। ਉਨ੍ਹਾਂ ਏਅਰਲਾਈਨਜ਼ ਨੂੰ ਮੁੜ ਸ਼ੁਰੂ ਕਰਨ ਲਈ ਭਾਰਤੀ ਸਟੇਟ ਬੈਂਕ (SBI) ਨੂੰ ਕੰਪਨੀ ਨੂੰ ਅੰਤ੍ਰਿਮ ਪੂੰਜੀ ਉਪਲਬਧ ਕਰਵਾਉਣ ਦੀ ਹਦਾਇਤ ਦੇਣ ਦੀ ਅਪੀਲ ਸਰਬਉੱਚ ਅਦਾਲਤ ਨੂੰ ਕੀਤੀ ਹੈ।
ਇੱਥੇ ਵਰਨਣਯੋਗ ਹੈ ਕਿ ਜੈੱਟ ਏਅਰਲਵੇਜ਼ ਨੇ ਅਸਥਾਈ ਤੌਰ ਉੱਤੇ ਉਡਾਣਾਂ ਬੰਦ ਕਰ ਦਿੱਤੀਆਂ ਹਨ। ਇਸ ਕਾਰਨ ਉਸ ਦੇ ਲਗਭਗ 22,000 ਕਰਮਚਾਰੀਆਂ ਸਾਹਵੇਂ ਰੋਜ਼ੀ–ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ।
ਨੈਸ਼ਨਲ ਏਵੀਏਟਰਜ਼ ਗਿਲਡ ਨੇ ਪਟੀਸ਼ਨ ਵਿੱਚ ਜੈੱਟ ਏਅਰਵੇਜ਼ ਦੇ ਸਲੌਟ ਨੂੰ ਦੂਜੀ ਏਅਰਲਾਈਨਜ਼ ਨੂੰ ਨਾ ਦੇਣ ਲਈ ਕੇਂਦਰ ਤੇ ਸ਼ਹਿਰੀ ਹਵਾਬਾਜ਼਼ੀ ਡਾਇਰੈਕਟੋਰੇਟ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਕੇਂਦਰ ਅਤੇ ਡੀਜੀਸੀਏ ਦੀ ਯੋਜਨਾ ਜੈੰਟ ਦੇ ਸਲੌਟ ਨੂੰ ਅਸਥਾਈ ਤੌਰ ਉੱਤੇ ਹੋਰ ਕੰਪਨੀਆਂ ਨੂੰ ਦੇਣ ਦੀ ਹੈ।
ਪਟੀਸ਼ਨ ਵਿੱਚ ਏਅਰਲਾਈਨ ਦੀ ਰਜਿਸਟ੍ਰੇਸ਼ਨ ਖ਼ਤਮ ਨਾ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਹ ਪਟੀਸ਼ਨ ਵਕੀਲ ਗੌਰਵ ਅਗਰਵਾਲ ਨੇ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ਼ ਨੇ 25 ਮਾਰਚ ਨੂੰ ਰਿਣ ਪੁਨਰਗਠਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਅਧੀਨ SBI ਨੂੰ ਕੰਪਨੀ ਵਿੱਚ 1,500 ਕਰੋੜ ਰੁਪਏ ਦੀ ਪੂੰਜੀ ਪਾਉਣੀ ਸੀ ਪਰ ਵਾਅਦੇ ਮੁਤਾਬਕ ਪੂੰਜੀ ਦੀ ਵੰਡ ਨਹੀਂ ਕੀਤੀ ਗਈ।