ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਇਕ ਨਵਾਂ ਰਿਕਾਰਡ ਕਾਇਮ ਕਰਦਿਆਂ ਭਾਰਤ ਵਿੱਚ 2 ਕਰੋੜ ਕਾਰਾਂ ਵੇਚਣ ਦਾ ਕਾਰਨਾਮਾ ਹਾਸਲ ਕਰ ਲਿਆ ਹੈ। ਕੰਪਨੀ ਨੇ ਸ਼ਨਿਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਇਹ ਪ੍ਰਾਪਤੀ 37 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਹਾਸਲ ਕੀਤੀ ਹੈ।
14 ਦਸੰਬਰ, 1983 ਨੂੰ ਮਾਰੂਤੀ ਸੁਜ਼ੂਕੀ ਨੇ ਆਪਣੀ ਪਹਿਲੀ ਕਾਰ ਵੇਚੀ। ਕੰਪਨੀ ਨੇ ਮਾਰੂਤੀ 800 ਦੀ ਵਿਕਰੀ ਨਾਲ ਯਾਤਰਾ ਦੀ ਸ਼ੁਰੂਆਤ ਕੀਤੀ। ਕੰਪਨੀ ਨੇ ਕਿਹਾ ਕਿ ਉਸ ਨੇ ਪਹਿਲਾਂ 29 ਸਾਲਾਂ ਵਿੱਚ ਇੱਕ ਕਰੋੜ ਕਾਰਾਂ ਵੇਚੀਆਂ, ਜਦੋਂ ਕਿ ਅਗਲੀਆਂ ਇੱਕ ਕਰੋੜ ਕਾਰਾਂ ਅੱਠ ਸਾਲਾਂ ਵਿੱਚ ਹੀ ਵੇਚ ਦਿੱਤੀਆਂ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਕੇਨੀਚੀ ਅਯੁਕਾਵਾ ਨੇ ਕਿਹਾ, “ਅਸੀਂ ਇਸ ਨਵੇਂ ਰਿਕਾਰਡ ਤੋਂ ਉਤਸ਼ਾਹਿਤ ਹਾਂ। ਇਸ ਪ੍ਰਾਪਤੀ ਨੂੰ ਹਾਸਲ ਕਰਨਾ ਕੰਪਨੀ, ਸਾਡੇ ਡਿਸਟ੍ਰੀਬਿਊਟਰਸ ਅਤੇ ਡੀਲਰਾਂ ਲਈ ਇੱਕ ਵੱਡਾ ਉਤਸ਼ਾਹ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਨੇ ਭਵਿੱਖ ਵਿੱਚ ਭਾਰਤ ਸਟੇਜ -6 (ਬੀਐਸ -6) ਅਨੁਕੂਲ ਵਾਹਨ ਦੇ ਨਾਲ ਨਾਲ ਸੀ ਐਨ ਜੀ ਕਿੱਟ ਲੱਗੇ ਵਾਹਨ ਅਤੇ ਸਮਾਰਟ ਹਾਈਬ੍ਰਿਡ ਵਾਹਨਾਂ ਨੂੰ ਵੀ ਬਾਜ਼ਾਰ ਵਿੱਚ ਪੇਸ਼ ਕੀਤਾ ਹੈ। ਕੰਪਨੀ ਭਾਰਤੀ ਬਜ਼ਾਰ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਵੀ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।