ਨਵੀਂ ਦਿੱਲੀ : ਸਰਕਾਰੀ ਕੰਪਨੀ ਐਨਟੀਪੀਸੀ ਗ੍ਰੀਨ ਬਾਂਡਸ ਰਾਹੀਂ ਲਗਭਗ 10 ਹਜ਼ਾਰ ਕਰੋੜ ਰੁਪਏ ਇਕੱਤਰ ਕਰ ਸਕਦੀ ਹੈ। ਇਸ ਪੈਸੇ ਦੀ ਵਰਤੋਂ ਟੀਐਚਡੀਸੀਆਈਐਲ ਅਤੇ ਨੋਰਥ-ਈਸਟਰਨ ਇਲੈਕਟ੍ਰੋਨਿਕ ਪਾਵਰ ਕਾਰਪੋਰੇਸ਼ਨ ਲਿਮਟਿਡ (ਨੀਪਕੋ) 'ਚ ਸਰਕਾਰੀ ਹਿੱਸੇਦਾਰੀ ਦੀ ਪ੍ਰਾਪਤੀ ਲਈ ਕੀਤੀ ਜਾ ਸਕਦੀ ਹੈ। ਇਕ ਸੂਤਰ ਨੇ ਪੀਟੀਆਈ ਭਾਸ਼ਾ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਗ੍ਰੀਨ ਬਾਂਡ ਤੋਂ ਇਕੱਤਰ ਕੀਤੇ ਗਏ ਪੈਸੇ ਦੀ ਵਰਤੋਂ ਸਾਫ਼ ਤੇ ਹਰਿਆਲੀ ਅਤੇ ਵਾਤਾਵਰਣ ਰੂਪੀ ਊਰਜਾ ਦੇ ਵਿੱਤ ਪੋਸ਼ਣ 'ਚ ਕੀਤੀ ਜਾਂਦੀ ਹੈ। ਹਾਲਾਂਕਿ ਟੀਐਚਡੀਸੀਆਈਐਲ ਅਤੇ ਨੀਪਕੋ ਪਣਬਿਜਲੀ ਊਰਜਾ ਦਾ ਉਤਪਾਦਨ ਕਰਦੀ ਹੈ। ਇਨ੍ਹਾਂ 'ਚ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਇਸ ਕੈਟਾਗਰੀ 'ਚ ਗਿਣਿਆ ਜਾਵੇਗਾ।
ਸੂਤਰ ਮੁਤਾਬਕ, "ਕੰਪਨੀ ਟੀਐਚਡੀਸੀਆਈਐਲ ਅਤੇ ਨੀਪਕੋ 'ਚ ਸਰਕਾਰ ਦੀ ਹਿੱਸੇਦਾਰੀ ਖਰੀਦਣ ਲਈ ਗ੍ਰੀਨ ਬਾਂਡ ਰਾਹੀਂ 10 ਹਜ਼ਾਰ ਕਰੋੜ ਰੁਪਏ ਇਕੱਤਰ ਕਰ ਸਕਦੀ ਹੈ। ਇਹ ਪ੍ਰਾਪਤੀ ਚਾਲੂ ਵਿੱਤੀ ਸਾਲ ਦੇ ਸਮਾਪਤ ਹੋਣ ਤੋਂ ਪਹਿਲਾਂ ਹੀ ਕੀਤੇ ਜਾਣ ਦੀ ਸੰਭਾਵਨਾ ਹੈ, ਕਿਉਂਕਿ ਸਰਕਾਰ ਚਾਲੂ ਵਿੱਤੀ ਸਾਲ 'ਚ 1.05 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਹਾਸਲ ਕਰਨਾ ਚਾਹੁੰਦੀ ਹੈ।"
ਸੂਤਰ ਮੁਤਾਬਕ ਕੰਪਨੀ ਨੇ ਹੁਣ ਟੀਐਚਡੀਸੀਆਈਐਲ ਅਤੇ ਨੀਪਕੋ 'ਚ ਸਰਕਾਰੀ ਹਿੱਸੇਦਾਰੀ ਦੇ ਮੂਲਾਂਕਣ ਲਈ ਮੂਲਾਂਕਣਕਰਤਾ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਨੇ ਪਿਛਲੇ ਹਫ਼ਤੇ ਟੀਐਚਡੀਸੀਆਈਐਲ ਅਤੇ ਨੀਪਕੋ 'ਚ ਸਰਕਾਰੀ ਹਿੱਸੇਦਾਰੀ ਐਨਟੀਪੀਸੀ ਨੂੰ ਵੇਚਣ ਦੀ ਮਨਜੂਰੀ ਦਿੱਤੀ ਸੀ।
ਭਾਰਤ ਸਰਕਾਰ ਦੀ ਟੀਐਚਡੀਸੀਆਈਐਲ 'ਚ 74.23 ਫ਼ੀਸਦੀ ਹਿੱਸੇਦਾਰੀ ਹੈ। ਸਰਕਾਰ ਪ੍ਰਬੰਧ ਕੰਟਰੋਲ ਨਾਲ ਪੂਰੀ ਹਿੱਸੇਦਾਰੀ ਐਨਟੀਪੀਸੀ ਨੂੰ ਵੇਚ ਰਹੀ ਹੈ। ਇਸੇ ਤਰ੍ਹਾਂ ਸਰਕਾਰ ਨਿਪਕੋ 'ਚ 100 ਫ਼ੀਸਦੀ ਹਿੱਸੇਦਾਰੀ ਪ੍ਰਬੰਧਨ ਕੰਟਰੋਲ ਨਾਲ ਐਨਟੀਪੀਸੀ ਨੂੰ ਵੇਚੇਗੀ।