ਈਰਾਨ ਨੇ ਮੰਗਲਵਾਰ ਦੀ ਰਾਤ ਨੂੰ ਜਿਵੇਂ ਹੀ ਜਵਾਬੀ ਕਾਰਵਾਈ ਕਰਦਿਆਂ ਇਰਾਕ ਸਥਿਤ ਅਮਰੀਕੀ ਫ਼ੌਜੀ ਹਵਾਈ ਅੱਡਿਆਂ ਉੱਤੇ ਬੈਲਿਸਟਿਕ ਮਿਸਾਇਲਾਂ ਨਾਲ ਹਮਲੇ ਕੀਤੇ; ਉਸ ਦੇ ਤੁਰੰਤ ਬਾਅਦ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਵਿੱਚ 5 ਫ਼ੀ ਸਦੀ ਤੱਕ ਦਾ ਉਛਾਲ਼ ਆ ਗਿਆ। ਇਸ ਕਾਰਨ ਭਾਰਤ ’ਚ ਵੀ ਅਗਲੇ ਕੁਝ ਦਿਨਾਂ ਅੰਦਰ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਆ ਸਕਦੀ ਹੈ।
ਇਸ ਹਮਲੇ ਕਾਰਨ ਕੌਮਾਂਤਰੀ ਤਣਾਅ ਹੋਰ ਵਧ ਸਕਦਾ ਹੈ ਤੇ ਇਸ ਨਾਲ ਤੇਲ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਅੱਜ ਬੁੰਧਵਾਰ ਨੂੰ ਅਮਰੀਕੀ ਕੱਚੇ ਤੇਲ ਦੀ ਕੀਮਤ 3 ਡਾਲਰ ਭਾਵ 5 ਫ਼ੀ ਸਦੀ ਵਧ ਕੇ 65.50 ਡਾਲਰ ਤੱਕ ਪੁੱਜ ਗਈ ਹੈ।
ਨਵੇਂ ਸਾਲ ’ਚ ਲਗਾਤਾਰ ਛੇਵੇਂ ਦਿਨ ਮੰਲਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦਾ ਸਿਲਸਿਲਾ ਜਾਰੀ ਰਿਹਾ। ਤੇਲ ਕੰਪਨੀਆਂ ਨੇ ਮੰਗਲਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ’ਚ ਪੈਟਰੋਲ ਦੀਆਂ ਕੀਮਤਾਂ ਵਿੱਚ ਪੰਜ ਪੈਸੇ ਦਾ ਵਾਧਾ ਕਰ ਦਿੱਤਾ।
ਅਮਰੀਕੀ ਫ਼ੌਜ ਨੇ ਦੱਸਿਆ ਕਿ ਈਰਾਨ ਨੇ ਇਰਾਕ ਸਥਿਤ ਅਮਰੀਕੀ ਅਗਵਾਈ ਹੇਠਲੇ ਕੌਮਾਂਤਰੀ ਜੰਗੀ ਬੇੜੇ ਉੱਤੇ ਮੰਗਲਵਾਰ ਨੁੰ ਹਮਲਾ ਕੀਤਾ। ਈਰਾਨ ਨੇ ਇਰਾਕ ਦੇ ਅਲ ਅਸਦ ਤੇ ਇਰਬਿਲ ਸਥਿਤ ਦੋ ਫ਼ੈਜੀ ਅੱਡਿਆਂ ਉੱਤੇ ਲਗਭਗ ਇੱਕ ਦਰਜਨ ਬੈਲਿਸਟਿਕ ਮਿਸਾਇਲਾਂ ਨਾਲ ਹਮਲਾ ਬੋਲਿਆ।
ਇਸ ਤੋਂ ਪਹਿਲਾਂ 3 ਜਨਵਰੀ ਨੂੰ ਅਮਰੀਕੀ ਫ਼ੌਜ ਨੇ ਇਰਾਕ ਦੇ ਇੱਕ ਹਵਾਈ ਅੱਡੇ ਉੱਤੇ ਹਮਲਾ ਕੀਤਾ ਸੀ; ਜਿਸ ਵਿੱਚ ਈਰਾਨ ਦੇ ਚੋਟੀ ਦੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਮਾਰਿਆ ਗਿਆ ਸੀ। ਈਰਾਨ ਨੇ ਉਸ ਦਾ ਬਦਲਾ ਲੈਣ ਦਾ ਸੰਕਲਪ ਲਿਆ ਸੀ। ਅਲ ਅਸਦ ਹਵਾਈ ਅੱਡੇ ਕੋਲ ਅਮਰੀਕੀ ਟਿਕਾਣੇ ਉੱਤੇ ਹੁਣ ਹਮਲਾ ਕੀਤਾ ਗਿਆ ਹੈ।
ਸਾਲ 2018 ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਹਵਾਈ ਅੱਡੇ ਉੱਤੇ ਪੁੱਜੇ ਸਨ। ਇਸ ਹਮਲੇ ਤੋਂ ਬਾਅਦ ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਹੁਣ ਹੋਰ ਵੀ ਵਧ ਗਿਆ ਹੈ। ਸ੍ਰੀ ਟਰੰਪ ਨੇ ਵੀ ਜਵਾਬ ਵਿੱਚ ਹੁਣ ਆਖਿਆ ਹੈ ਕਿ ਇਸ ਹਮਲੇ ਦੇ ਨਤੀਜੇ ਬਹੁਤ ਭੈੜੇ ਨਿੱਕਲਣਗੇ।