ਅਮਰੀਕੀ ਪਾਬੰਦੀ ਦੇ ਚਲਦਿਆਂ ਇਰਾਨ ਤੋਂ ਕੱਚੇ ਤੇਲ ਦਾ ਆਯਾਤ ਬੰਦ ਹੋਣ ਨਾਲ ਭਾਰਤੀ ਬਾਜ਼ਾਰ ਵਿਚ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਡਰ ਹੈ। ਪ੍ਰੰਤੂ ਸਊਦੀ ਅਰਾਮਕੋ ਵੱਲੋਂ 20 ਲੱਖ ਬੈਰਲ ਤੇਲ ਦੀ ਵਾਧੂ ਸਪਲਾਈ ਪ੍ਰਤੀ ਮਹੀਨਾ ਕਰਨ ਦੀ ਪੇਸ਼ਕਸ਼ ਨਾਲ ਇਸ ਸਮੱਸਿਆ ਦਾ ਹਲ ਨਿਕਲਣ ਦੀ ਸੰਭਾਵਨਾ ਵਧ ਗਈ ਹੈ।
ਊਰਜਾ ਮਾਹਰਾਂ ਮੁਤਾਬਕ, ਸਊਦੀ ਵੱਲੋਂ ਤੇਲ ਦੀ ਸਪਲਾਈ ਵਧਣ ਨਾਲ ਭਾਰਤ ਨੂੰ ਪੈਟਰੋਲੀਅਮ ਪਦਾਰਥ ਦੀ ਕੀਮਤ ਕੰਟਰੋਲ ਕਰਨ ਵਿਚ ਮਦਦ ਮਿਲੇਗੀ। ਸਊਦੀ ਅਰਾਮਕੋ ਨੇ ਜੁਲਾਈ ਤੋਂ ਲੈ ਕੇ ਦਸੰਬਰ ਤੱਕ 20 ਲੱਖ ਬੈਰਲ ਵਾਧੂ ਤੇਲ ਪ੍ਰਤੀ ਮਹੀਨਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਅਰਾਮਕੋ ਇਹ ਸਪਲਾਈ ਇੰਡੀਅਨ ਆਇਲ ਨੂੰ ਕਰੇਗੀ। ਆਈਓਸੀ ਨੇ ਸਊਦੀ ਆਰਮਕੋ ਨਾਲ ਇਸ ਸਾਲ 56 ਲੱਖ ਬੈਰਲ ਤੇਲ ਦੀ ਸਪਲਾਈ ਲਈ ਸਮਝੌਤਾ ਕੀਤਾ ਹੈ।
ਵਿਸ਼ਵ ਬਾਜ਼ਾਰ ਵਿਚ ਤੇਲ ਦੀ ਕੋਈ ਘਾਟ ਨਹੀਂ
ਸਊਦੀ ਅਰਬ ਦੇ ਊਰਜਾ ਮੰਤਰੀ ਖਾਲਿਦ ਅਲ ਫਾਲਿਹ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਸ਼ਵ ਬਾਜ਼ਾਰ ਵਿਚ ਤੇਲ ਦੀ ਕੋਈ ਕਮੀ ਨਹੀ਼ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਤੇਲ ਦਾ ਉਤਪਾਦਨ ਵਧ ਰਿਹਾ ਹੈ। ਇਸ ਨਾਲ ਪ੍ਰਮੁੱਖ ਤੇਲ ਉਤਪਾਦਕ ਦੇਸ਼ ਵੀ ਆਪਣਾ ਉਤਪਾਦਨ ਵਧਾ ਰਹੇ ਹਨ। ਇਸ ਲਈ ਤੇਲ ਦੀ ਕਮੀ ਨਹੀਂ ਹੋਵੇਗੀ। ਜੇਕਰ ਕੋਈ ਕਮੀ ਆਉਂਦੀ ਹੈ ਤਾਂ ਓਪੇਕ ਨੂੰ ਤਿਆਰੀ ਕਰਨੀ ਹੋਵੇਗੀ। ਅਗਲੇ ਮਹੀਨੇ ਓਪੇਕ ਦੀ ਹੋਣ ਵਾਲੀ ਮੀਟਿੰਗ ਵਿਚ ਤੇਲ ਉਤਪਾਦਨ ਵਧਾਉਣ ਉਤੇ ਫੈਸਲਾ ਕੀਤਾ ਜਾ ਸਕਦਾ ਹੈ।
ਇੰਡੀਅਨ ਆਇਲ ਕਰੇਗਾ 2 ਲੱਖ ਕਰੋੜ ਦਾ ਨਿਵੇਸ਼
ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੀ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਗਲੇ 5 ਤੋਂ 7 ਸਾਲ ਦੌਰਾਨ ਈਂਧਣ ਅਤੇ ਊਰਜਾ ਦੇ ਵੱਖ–ਵੱਖ ਖੇਤਰਾਂ ਵਿਚ ਦੋ ਲੱਖ ਕਰੋੜ ਰੁਪਏ ਨਿਵੇਸ਼ ਦੀ ਯੋਜਨਾ ਹੈ।