ਨਵੇਂ ਵਰ੍ਹੇ ਦੇ ਪਹਿਲੇ ਦਿਨ ਆਟੋ ਸੈਕਟਰ ਤੋਂ ਕੁਝ ਵਧੀਆ ਖ਼ਬਰ ਆਈ ਹੈ। ਮਾਰੂਤੀ ਸੁਜ਼ੂਕੀ ਨੇ ਦਸੰਬਰ ’ਚ ਆਪਣੀ ਵਿਕਰੀ ਵਿੱਚ 2.5 ਫ਼ੀ ਸਦੀ ਦਾ ਵਾਧਾ ਹਾਸਲ ਕੀਤਾ ਹੈ। ਮਾਰੂਤੀ ਨੇ ਦਸੰਬਰ 2019 ਦੌਰਾਨ ਕੁੱਲ 1,22,784 ਕਾਰਾਂ ਦੀ ਵਿਕਰੀ ਕੀਤੀ ਹੈ।
ਦਸੰਬਰ 2018 ’ਚ ਕੰਪਨੀ ਨੇ 1,19,804 ਵਾਹਨਾਂ ਦੀ ਵਿਕਰੀ ਕੀਤੀ ਸੀ। ਪਿਛਲੇ ਇੱਕ ਸਾਲ ਤੋਂ ਆਟੋ ਸੈਕਟਰ ’ਚ ਗਿਰਾਵਟ ਤੇ ਸੁਸਤੀ ਨੂੰ ਵੇਖਦਿਆਂ ਯਕੀਨੀ ਤੌਰ ’ਤੇ ਇਹ ਖ਼ਬਰ ਕੁਝ ਰਾਹਤ ਦੇਣ ਵਾਲੀ ਹੈ।
ਇੱਥੇ ਵਰਨਣਯੋਗ ਹੈ ਕਿ ਪਿਛਲੇ ਪੂਰੇ ਇੱਕ ਸਾਲ ਦੌਰਾਨ ਆਟੋ ਸੈਕਟਰ ਦੀ ਹਾਲਤ ਖ਼ਸਤਾ ਬਣੀ ਰਹੀ ਹੈ। ਇਸ ਤੋਂ ਪਹਿਲਾਂ ਸਿਰਫ਼ ਤਿਉਹਾਰਾਂ ਵਾਲੇ ਅਕਤੂਬਰ ਮਹੀਨੇ ਦੌਰਾਨ ਵਿਕਰੀ ਵਿੱਚ ਕੁਝ ਵਾਧਾ ਹੋਇਆ ਸੀ। ਇਸ ਤੋਂ ਬਾਅਦ ਨਵੰਬਰ ’ਚ ਮਾਰੂਤੀ ਦੀ ਵਿਕਰੀ ਵਿੱਚ ਮੁੜ 3.3 ਫ਼ੀ ਸਦੀ ਗਿਰਾਵਟ ਆਈ ਸੀ
ਜਨਵਰੀ ਤੇ ਫ਼ਰਵਰੀ 2019 ’ਚ ਬਹੁਤ ਮਾਮੂਲੀ ਵਾਧੇ ਤੋਂ ਬਾਅਦ ਲਗਾਤਾਰ ਸੱਤ ਮਹੀਨੇ ਮਾਰੂਤੀ ਦੀ ਵਿਕਰੀ ਵਿੱਚ ਗਿਰਾਵਟ ਵੇਖੀ ਗਈ। ਜੁਲਾਈ ਤੇ ਅਗਸਤ ਵਿੱਚ ਤਾਂ ਮਾਰੂਤੀ ਦੀ ਵਿਕਰੀ ’ਚ ਗ੍ਰਮਵਾਰ 35 ਤੇ 36 ਫ਼ੀ ਸਦੀ ਗਿਰਾਵਟ ਵੇਖੀ ਗਈ। ਪੂਰੇ ਵਰ੍ਹੇ 2019 ’ਚ ਮਾਰੂਨੀ ਨੇ 14 ਲੱਖ 87 ਹਜ਼ਾਰ 739 ਵਾਹਨ ਵੇਚੇ ਹਨ।
ਦਸੰਬਰ ਮਹੀਨੇ ਭਾਵੇਂ ਮਾਰੂਤੀ ਦੇ ਐਂਟਰੀ ਲੈਵਲ ਭਾਵ ਹੈਚਬੈਕ ਕਾਰਾਂ ਦੇ ਵਰਗ (ਆਲਟੋ, ਐਸ–ਪ੍ਰੈਸੋ ਤੇ ਪੁਰਾਣੀ ਵੈਗਨ–ਆਰ) ਦੀ ਵਿਕਰੀ ਵਿੱਚ 13.6 ਗਿਰਾਵਟ ਹੋਈ ਹੈ ਤੇ ਇਸ ਵਿੱਚ 23,883 ਵਾਹਨਾਂ ਦੀ ਵਿਕਰੀ ਹੋਈ। ਪਰ ਦੂਜੀਆਂ ਛੋਟੀਆਂ ਕਾਰਾਂ ਜਿਵੇਂ ਨਵੀਂ ਵੈਗਨ–ਆਰ, ਸੇਲੇਰੀਓ, ਇਗਨਿਸ, ਸਵਿਫ਼ਟ, ਬਲੇਨੋ ਤੇ ਡਿਜ਼ਾਇਰ ਦੀ ਵਿਕਰੀ ਵਿੱਚ ਲਗਭਗ 28 ਫ਼ੀ ਸਦੀ ਵਾਧਾ ਵੇਖਿਆ ਗਿਆ।
ਦਸੰਬਰ ’ਚ ਇਸ ਸੈਗਮੈਂਟ ’ਚ ਮਾਰੂਤੀ ਨੇ 65,673 ਕਾਰਾਂ ਵੇਚੀਆਂ ਹਨ। ਉਂਝ ਭਾਵੇਂ ਮਾਰੂਤੀ ਦੀ ਪ੍ਰੀਮੀਅਮ ਸੀਆਜ਼ ਸੇਡਾਨ ਕਾਰ ਦੀ ਵਿਕਰੀ ਵਿੱਚ 62 ਫ਼ੀ ਸਦੀ ਦੀ ਜ਼ਬਰਦਸਤ ਗਿਰਾਵਟ ਵੇਖੀ ਗਏ। ਮਾਰੂਤੀ ਨੇ ਸੀਆਜ਼ ਦੀਆਂ ਸਿਰਫ਼ 1,786 ਕਾਰਾਂ ਹੀ ਵੇਚੀਆਂ ਹਨ।