ਸੀਐਸਸੀ ਈ-ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਟਿਡ (CSC e-governance Services India Ltd) ਦੇ ਸਹਿਯੋਗ ਨਾਲ ਸੁਪਰ-30 ਕੋਚਿੰਗ ਵਜੋਂ ਜਾਣੇ ਜਾਂਦੇ ਆਨੰਦ ਕੁਮਾਰ ਦਿਹਾਤੀ ਵਿਦਿਆਰਥੀਆਂ ਨੂੰ ਸਿਰਫ 1 ਰੁਪਏ ਦੀ ਫੀਸ ਲੈ ਕੇ ਆਈਆਈਟੀ ਜੇਈਈ ਵਰਗੀਆਂ ਵੱਡੀਆਂ ਇੰਜੀਨੀਅਰਿੰਗ ਪ੍ਰੀਖਿਆਵਾਂ ਲਈ ਤਿਆਰ ਕਰਵਾਉਣਗੇ। ਈ-ਗਵਰਨੈਂਸ ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਉੱਘੇ ਗਣਿਤ ਵਿਗਿਆਨੀ ਆਨੰਦ ਕੁਮਾਰ ਇੱਕ ਵਿਸ਼ੇਸ਼ ਮਾਡਿਊਲ ਆਨਲਾਈਨ ਤਿਆਰ ਕਰਨਗੇ ਜਿਸ ਰਾਹੀਂ ਵਿੱਤੀ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਏਗੀ। ਇਸਦੇ ਨਾਲ ਹੀ ਇਹ ਵਿਦਿਆਰਥੀ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ - ਸਾਂਝੀ ਦਾਖਲਾ ਪ੍ਰੀਖਿਆ (ਆਈਆਈਟੀ ਜੇਈਈ) ਦੀ ਪ੍ਰੀਖਿਆ ਚ ਬੈਠ ਸਕਣਗੇ।
ਸੀਐਸਸੀ ਈ-ਗਵਰਨੈਂਸ ਸਰਵਿਸਿਜ਼ ਇੰਡੀਆ ਦੇਸ਼ ਭਰ ਵਿੱਚ ਲਗਭਗ 3 ਲੱਖ ਸਾਂਝੇ ਸੇਵਾ ਕੇਂਦਰ ਚਲਾ ਰਹੀ ਹੈ। ਇਨ੍ਹਾਂ ਕੇਂਦਰਾਂ ਦੇ ਜ਼ਰੀਏ ਪੇਂਡੂ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿਚ ਕਈ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਆਨੰਦ ਕੁਮਾਰ ਦਾ ਕਹਿਣਾ ਹੈ ਕਿ ਉਹ ਆਰਥਿਕ ਤੌਰ ਤੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਆਈਆਈਟੀ-ਜੇਈਈ ਦੀ ਪ੍ਰੀਖਿਆ ਲਈ ਤਿਆਰ ਕਰਦੇ ਹਨ। ਉਨ੍ਹਾਂ ਨੂੰ ਇਕ ਸਾਲ ਲਈ ਰਹਿਣ ਲਈ ਥਾਂ, ਪੜ੍ਹਨ ਦੀ ਸਮੱਗਰੀ ਦਿੰਦੇ ਹਨ ਤੇ ਉਨ੍ਹਾਂ ਦੀ ਮਾਂ ਉਨ੍ਹਾਂ ਲਈ ਭੋਜਨ ਤਿਆਰ ਕਰਦੀ ਹੈ।