ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਬੁੱਧਵਾਰ ਨੂੰ 10ਵੀਂ ਜਮਾਤ ਦੇ ਨਤੀਜਿਆਂ ਦੀ ਮੈਰਿਟ ਸੂਚੀ ਐਲਾਨ ਦਿੱਤੀ ਹੈ। ਇਸ ਸੂਚੀ ਚ ਲੁਧਿਆਣਾ ਦੀ 16 ਸਾਲਾ ਨੇਹਾ ਵਰਮਾ ਨੇ 99.54 ਫੀਸਦ ਅੰਕ ਪ੍ਰਾਪਤ ਕਰਦਿਆਂ ਪੂਰੇ ਪੰਜਾਬ ਚ ਟਾਪ ਕੀਤਾ ਹੈ।
ਨੇਹਾ ਵਰਮਾ ਨੇ 10ਵੀਂ ਦੀ ਪ੍ਰੀਖਿਆ ਦੇ ਅਕਾਦਮਿਕ ਵਰਗ ਚ ਸੋਹਣੇ ਨੰਬਰ ਲੈ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਨੇਹਾ ਵਰਮਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਤੇਜਾ ਸਿੰਘ ਸੁਲਤਾਨਪੁਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਨ।
ਨੇਹਾ ਵਰਮਾ ਨੇ ਖੁਸ਼ੀ ਪ੍ਰਗਟਾਉਂਦਿਆਂ ਦਸਿਆ ਕਿ ਉਨ੍ਹਾਂ ਨੂੰ ਆਪਣੀ ਮਿਹਨਤ ’ਤੇ ਪੂਰਾ ਭਰੋਸਾ ਸੀ ਕਿ ਉਹ ਟਾਪ ਕਰਨ ਵਾਲੇ ਵਿਦਿਆਰਥੀਆਂ ਚ ਥਾਂ ਬਣਾਉਣਗੀ। ਉਨ੍ਹਾਂ ਨੇ ਆਪਣੀ ਇਸ ਪ੍ਰਾਪਤੀ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਉਹ ਰੋਜ਼ਾਨਾ ਸਕੂਲ ਜਾਂਦੇ ਸਨ ਤੇ ਆਪਣੀ ਪੜ੍ਹਾਈ ’ਤੇ ਲਗਾਤਾਰ ਧਿਆਨ ਦਿੰਦੇ ਸਨ।
ਨੇਹਾ ਦੇ ਪਿਤਾ ਪਵਨ ਕੁਮਾਰ ਪੇਸ਼ੇ ਵਜੋਂ ਡਰਾਈਵਰ ਹਨ ਜਦਕਿ ਉਨ੍ਹਾਂ ਦੇ ਮਾਤਾ ਜੀਆ ਵਰਮਾ ਹੋਮਮੇਕਰ ਹਨ। ਨੇਹਾ ਨੇ ਕਿਹਾ ਕਿ ਉਹ ਆਈਏਐਸ ਅਫ਼ਸਰ ਬਣਨਾ ਚਾਹੁੰਦੇ ਹਨ।
ਦੱਸ ਦੇਈੇਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 15 ਮਾਰਚ ਤੋਂ 2 ਅਪ੍ਰੈਲ 2019 ਤਕ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਸਨ। 10ਵੀਂ ਜਮਾਤ ਦੇ ਨਤੀਜਿਆਂ ਚ ਇਸ ਸਾਲ ਕੁੱਲ 85.8 ਫੀਸਦ ਵਿਦਿਆਰਥੀ ਪਾਸ ਹੋਏ ਹਨ ਜਦਕਿ ਪਿਛਲੀ ਵਾਰ 57.50 ਫੀਸਦ ਹੀ ਪਾਸ ਹੋਏ ਸਨ। ਇਸ ਸਾਲ ਲਗਭਗ 3.80 ਲੱਖ ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ।
ਦਸਿਆ ਜਾ ਰਿਹਾ ਹੈ ਕਿ 10ਵੀਂ ਦੇ ਵਿਦਿਆਰਥੀ 9 ਮਈ ਨੂੰ ਸਵੇਰੇ 11.30 ਤੋਂ ਬਾਅਦ ਪੰਜਾਸ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ਤੇ ਨਤੀਜੇ ਜਾਂਚ ਸਕਣਗੇ।
ਪੰਜਾਬ ਸਕੂਲ ਸਿੱਖਿਅ ਬੋਰਡ ਹਰੇਕ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ। ਹਰੇਕ ਸਾਲ ਲਗਭਗ 5 ਲੱਖ ਵਿਦਿਆਰਥੀ ਪੀਐਸਈਬੀ ਤੋਂ 10ਵੀਂ ਦੀਆਂ ਪ੍ਰੀਖਿਆਵਾਂ ਦਿੰਦੇ ਹਨ। ਲੰਘੇ ਸਾਲ 2018 ਚ 10ਵੀਂ ਚ ਕੁੱਲ 59.47 ਫ਼ੀਸਦ ਵਿਦਿਆਰਥੀ ਪਾਸ ਹੋਏ ਸਨ।
.