ਯੂ.ਕੇ. 'ਚ ਯੂਨੀਵਰਸਿਟੀ ਆਫ ਵੋਲਵਰਹੈਂਪਟਨ ਵਿਖੇ ਸਿੱਖ ਸਟੱਡੀਜ਼ ਵਿਸ਼ੇ 'ਚ ਇਕ ਸਾਲਾ ਮਾਸਟਰ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯੂਨੀਵਰਸਿਟੀ ਮਿਡਲੈਂਡ ਵੈਸਟ 'ਚ ਸਥਿਤ ਹੈ, ਜਿੱਥੇ ਵੱਡੀ ਗਿਣਤੀ 'ਚ ਭਾਰਤੀ ਸਿੱਖ ਰਹਿੰਦੇ ਹਨ।
ਹਿੰਦੁਸਤਾਨ ਟਾਈਮਜ਼ ਪੰਜਾਬੀ ਦੇ ਲੰਡਨ ਤੋਂ ਪੱਤਰਕਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਸੈਂਟਰ ਫਾਰ ਸਿੱਖ ਐਂਡ ਪੰਜਾਬ ਸਟੱਡੀਜ਼ ਦੀ ਸ਼ੁਰੂਆਤ ਕਰਨ ਵਾਲੀ ਇਹ ਯੂਰਪ ਦੀ ਪਹਿਲੀ ਯੂਨੀਵਰਸਿਟੀ ਹੈ, ਜਿਸ ਦਾ ਸੰਚਾਲਨ ਉਪਿੰਦਰਜੀਤ ਕੌਰ ਤੱਖੜ ਵੱਲੋਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਤੰਬਰ ਮਹੀਨੇ ਵਿੱਚ ‘550 ਸਾਲਾਂ ਦੀ ਯਾਤਰਾ : ਸਿੱਖ ਸਟੱਡੀਜ਼ ਇਨ ਅਕਾਦਮੀ’ ਵਿਸ਼ੇ 'ਤੇ ਤਿੰਨ ਦਿਨਾਂ ਕਾਨਫਰੰਸ ਕਰਵਾਈ ਗਈ ਸੀ।
ਉਪਿੰਦਰਜੀਤ ਕੌਰ ਨੇ ਦੱਸਿਆ ਕਿ ਇਹ ਕੋਰਸ ਸਿੱਖ ਭਾਈਚਾਰੇ ਅਤੇ ਭਾਰਤ ਅਤੇ ਵਿਦੇਸ਼ਾਂ ਦੋਵਾਂ 'ਚ ਸਿੱਖ ਧਰਮ ਦੀ ਪੜਚੋਲ ਕਰਨ ਦਾ ਇੱਕ ਅਨੌਖਾ ਮੌਕਾ ਹੈ, ਜਿਸ 'ਚ ਬ੍ਰਿਟਿਸ਼ ਸਿੱਖ ਨਜ਼ਰੀਏ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸ਼ਹਿਰ 'ਚ ਸਿੱਖਾਂ ਦੀ ਅਬਾਦੀ ਦੇ ਕਾਰਨ ਯੂਨੀਵਰਸਿਟੀ 'ਚ ਇਹ ਵਿਸ਼ਾ ਪੜ੍ਹਾਉਣਾ ਕਾਫੀ ਵਧੀਆ ਕਦਮ ਹੈ।”
ਯੂਕੇ ਦੇ ਸੱਭ ਤੋਂ ਸੱਭਿਆਚਾਰਕ ਸ਼ਹਿਰਾਂ ਵਿਚੋਂ ਇੱਕ ਵੋਲਵਰਹੈਂਪਟਨ 'ਚ ਸਾਲ 1969 ਵਿੱਚ ਤਰਸੇਮ ਸੰਧੂ ਨੇ ਬੱਸ ਚਲਾਉਣ ਸਮੇਂ ਦਸਤਾਰ ਬੰਨ੍ਹਣ ਦੀ ਮਨਜੂਰੀ ਲਈ ਦੋ ਸਾਲ ਤਕ ਮੁਹਿੰਮ ਚਲਾਈ ਸੀ, ਜਿਸ ਨੂੰ ਪ੍ਰਵਾਨ ਕਰਦਿਆਂ ਯੂਕੇ ਸਰਕਾਰ ਨੂੰ ਆਪਣਾ ਕਾਨੂੰਨ ਬਦਲਣਾ ਪਿਆ ਸੀ।
ਇਸੇ ਵੋਲਵਰਹੈਂਪਟਨ ਵਿਚ ਸਥਾਨਕ ਸੰਸਦ ਮੈਂਬਰ ਐਨੋਚ ਪਾਵੈਲ ਨੇ ਸਾਲ 1968 ਵਿੱਚ ਵਿਵਾਦਿਤ ਭਾਸ਼ਣ 'ਖੂਨ ਦੀਆਂ ਨਦੀਆਂ' ਦਿੱਤਾ ਸੀ, ਜਿਸ ਨਾਲ ਨਸਲੀ ਹਿੰਸਾ ਭੜਕੀ ਸੀ।
ਵੋਲਵਰਹੈਂਪਟਨ ਵਿਚ ਅੱਜ 14 ਗੁਰਦੁਆਰੇ ਹਨ, ਜੋ ਲੰਦਨ ਤੋਂ ਬਾਹਰ ਯੂਕੇ ਵਿਚ ਦੂਜੇ ਨੰਬਰ 'ਤੇ ਸਭ ਤੋਂ ਵੱਧ ਹਨ। ਇੱਥੇ ਪੰਜਾਬੀ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਜਿਹੜੀ ਸਿੱਖ ਇਤਿਹਾਸ ਅਤੇ ਮੁੱਦਿਆਂ ਬਾਰੇ ਅਕਾਦਮਿਕ ਅਧਿਐਨ ਅਤੇ ਖੋਜ ਵਿੱਚ ਸਹਾਇਤਾ ਕਰਦੀ ਹੈ।