ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਨਾਂ ਵਾਪਸੀ ਦੀ ਹੱਦ ਸਮਾਪਤ ਹੋਣ ਮਗਰੋਂ ਵੀ ਪਾਰਟੀ ਦੇ ਹੁਕਮਾਂ ਨੂੰ ਨਾ ਮੰਨਣ ਵਾਲੇ ਭਾਜਪਾ ਦੇ ਲਗਭਗ 5 ਦਰਜਨ ਆਗੂਆਂ ਨੂੰ ਸੂਬਾਈ ਇਕਾਈ ਨੇ 6 ਸਾਲਾਂ ਲਈ ਬਰਖਾਸਤ ਕਰ ਦਿੱਤਾ ਹੈ। ਭਾਜਪਾ ਦੇ ਸੂਤਰਾਂ ਮੁਤਾਬਕ ਕੱਲ ਨਾਂ ਵਾਪਸੀ ਦਾ ਆਖਰੀ ਦਿਨ ਸੀ। ਪਾਰਟੀ ਅਜਿਹੇ ਆਗੂਆਂ ਨੂੰ ਪਾਰਟੀ ਵੱਲੋਂ ਬਣਾਏ ਗਏ ਉਮੀਦਵਾਰ ਖਿਲਾਫ ਚੋਣ ਨਾ ਲੜਨ ਲਈ ਮਨਾ ਰਹੀ ਸੀ, ਜਿਨ੍ਹਾਂ ਨੇ ਕਿਸੇ ਹੋਰਨਾਂ ਦਲਾਂ ਦੇ ਟਿਕਟ ਤੇ ਜਾਂ ਆਜ਼ਾਦ ਉਮੀਦਾਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਹੈ। ਲਗਭਗ 1 ਦਰਜਨ ਨੇਤਾਵਾਂ ਨੇ ਨਾਂ ਵਾਪਸ ਲਿਆ ਪਰ 5 ਦਰਜਨ ਆਗੂ ਨਾ ਮੰਨੇ।
ਸੂਰਤਾਂ ਮੁਤਾਬਕ ਕੱਲ ਦੇਰ ਰਾਤ ਸੂਬਾਈ ਪ੍ਰਧਾਨ ਰਾਕੇਸ਼ ਸਿੰਘ ਦੀ ਮੌਜੂਦਗੀ ਚ ਹੋਈ ਸੀਨੀਅਰ ਆਗੂਆਂ ਦੀ ਬੈਠਕ ਚ ਬਾਗੀ ਚਾਲ ਚਲਣ ਵਾਲੇ ਅਜਿਹੇ ਸਾਰੇ ਨੇਤਾਵਾਂ ਨੂੰ 6 ਸਾਲ ਲਈ ਬਰਖਾਸਤ ਕਰ ਦਿੱਤਾ ਗਿਆ। ਇਨ੍ਹਾਂ ਚ ਮੁੱਖ ਤੌਰ ਤੇ ਦਮੋਹ ਅਤੇ ਪਥਰਿਆ ਤੋਂ ਆਜ਼ਾਦ ਉਮੀਦਵਾਰ ਵਜੋਂ ਅੜੇ ਰਹਿਣ ਵਾਲੇ ਸਾਬਕਾ ਮੰਤਰੀ ਰਾਮਕ੍ਰਿਸ਼ਨ ਕੁਸਮਾਰਿਆ, ਗੁਨਾ ਜਿ਼ਲ੍ਹੇ ਦੇ ਬਾਮੋਰਾ ਤੋਂ ਸਾਬਕਾ ਮੰਤਰੀ ਕੇ ਐਲ ਅਗਰਵਾਲ ਸ਼ਾਮਲ ਹਨ।