ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ,ਬਹੁਤ ਸਾਰੇ ਸਾਬਕਾ ਵਿਧਾਇਕ ਟਿਕਟ ਪ੍ਰਾਪਤ ਕਰਨ 'ਚ ਅਸਫਲ ਰਹੇ ਹਨ। ਸੂਬਾ ਸਰਕਾਰ 'ਚ ਮੰਤਰੀ ਸੁਰੇਂਦਰ ਗੋਇਲ ਨੇ ਰਾਜਸਥਾਨ ਇਕਾਈ ਦੇ ਪ੍ਰਧਾਨ ਮਦਨ ਲਾਲ ਸੈਨੀ ਨੂੰ ਅਸਤੀਫਾ ਭੇਜ ਦਿੱਤਾ ਹੈ। ਗੋਇਲ ਨੇ ਅਸਤੀਫੇ 'ਚ ਕਿਹਾ ਹੈ ਕਿ ਉਹ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ। ਉਹ ਭਾਜਪਾ ਤੋਂ ਪੰਜ ਵਾਰ ਵਿਧਾਇਕ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਜੈਤਰਨ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੈਰ 'ਤੇ ਚੋਣ ਲੜਣਗੇ। ਨਾਗੌਰ ਦੇ ਵਿਧਾਇਕ ਹਬੀਬੁਰ ਰਹਿਮਾਨ ਨੇ ਵੀ ਪਾਰਟੀ ਛੱਡ ਦਿੱਤੀ ਹੈ। ਉਹ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਬੀਜੇਪੀ ਦੇ ਸਾਬਕਾ ਜਨਰਲ ਸਕੱਤਰ ਕੁਲਦੀਪ ਧਨਕੜ ਨੇ ਸੋਮਵਾਰ ਨੂੰ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਸੀ।
ਉਹ ਵਿਰਾਟ ਨਗਰ ਸੀਟ ਤੋਂ ਸੁਤੰਤਰ ਲੜ ਸਕਦੇ ਹਨ ਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਨੇ ਗਲਤ ਵਿਅਕਤੀ ਨੂੰ ਟਿਕਟ ਦਿੱਤੀ ਹੈ. ਸਿਹਤ ਮੰਤਰੀ ਕਾਲੀ ਚਰਨ ਸਰਾਫ, ਟਰਾਂਸਪੋਰਟ ਮੰਤਰੀ ਯੂਨਸ ਖਾਨ ਤੇ ਉਦਯੋਗ ਮੰਤਰੀ ਰਾਜਪਾਲ ਸਿੰਘ ਸ਼ੇਖਾਵਤ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ ਤੇ ਉਹ ਵੀ ਭਾਜਪਾ ਤੋਂ ਕਿਨਾਰਾ ਕਰ ਸਕਦੇ ਹਨ.
ਭਾਜਪਾ ਦੇ ਰਾਜਸਥਾਨ ਚੋਣ ਮੁਖੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪਾਰਟੀ ਮਤਭੇਦ ਖਤਮ ਕਰਨ ਵਿੱਚ ਕਾਮਯਾਬ ਹੋੋ ਜਾਵੇਗੀ, ਉਨ੍ਹਾਂ ਨੇ ਕਿਹਾ, "ਮਤਭੇਦ ਦੂਰ ਕਰਨ ਲਈ, ਅਸੀਂ ਗੱਲਬਾਤ ਕਰ ਰਹੇ ਹਾਂ। ਪਾਰਟੀ ਨੇਤਾ ਨਾਰਾਜ਼ ਆਗੂਆਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਕਿਸੇ ਨੂੰ ਪਾਰਟੀ ਛੱਡਣ ਨਹੀਂ ਦੇਵਾਂਗੇ। "
ਕਿਸੇ ਵੀ ਮੁਸਲਿਮ ਉਮੀਦਵਾਰ ਨੂੰ ਟਿਕਟ ਨਾ ਦਿੱਤੇ ਜਾਣ 'ਤੇ ਉਨ੍ਹਾਂ ਨੇ ਕਿਹਾ, "ਸਾਡੀ ਅਗਲੀ ਸੂਚੀ ਅਜੇ ਆਉਣੀ ਬਾਕੀੀ ਹੈ ਤੇ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਹੀ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ।"