ਬਾਲੀਵੁੱਡ ਅਦਾਕਾਰ ਆਲੋਕਨਾਥ ਨੂੰ ਲੈ ਕੇ ਖ਼ਬਰ ਆ ਰਹੀ ਹੈ ਕਿ ਉਹ ਇਕ ਫ਼ਿਲਮ ਚ ਜੱਜ ਦਾ ਰੋਲ ਕਰ ਰਹੇ ਹਨ ਜਿਹੜਾ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਵਾਲਿਆਂ ਦੋਸ਼ੀਆਂ ਨੂੰ ਸਜ਼ਾ ਸੁਣਾਉਂਦਾ ਹੈ। ਇਸ ਖ਼ਬਰ ਨੂੰ ਸੁਣਦਿਆਂ ਹੀ ਉਨ੍ਹਾਂ ਨੇ ਦੋਸ਼ ਲਗਾਉਣ ਵਾਲੀ ਲੇਖਿਕਾ ਅਤੇ ਨਿਰਦੇਸ਼ਕ ਵਿਨਤਾ ਨੰਦਾ ਸਦਮੇ ਚ ਹਨ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਫ਼ਿਲਮ ‘ਵੀ ਭੀ’ ਦਾ ਨਿਰਦੇਸ਼ਨ ਨਾਸਿਰ ਖ਼ਾਨ ਕਰ ਰਹੇ ਹਨ। ਵਿਨਤਾ ਨੇ ਇਸ ਖ਼ਬਰ ਤੇ ਭਾਵੁਕ ਹੋ ਕੇ ਕਿਹਾ, ਮੈਨੂੰ ਨਹੀਂ ਪਤਾ ਕੀ ਕਹਿਣਾ ਚਾਹੀਦਾ ਹੈ। ਜਦ ਮੈਂ ਇਸ ਹਾਸੋਹੀਣ ਕਾਸਟਿੰਗ ਬਾਰੇ ਸੁਣਿਆ ਤਾਂ ਉਸ ਸਮੇਂ ਮੇਰਾ ਮਨ, ਮੇਰਾ ਦਿਲ ਤੇ ਮੇਰੀ ਆਤਮਾ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੇ ਨਾਲ ਸੀ।
ਉਨ੍ਹਾਂ ਕਿਹਾ ਕਿ ਮੈਂ ਟੀਵੀ ਦੀ ਸਕਰੀਨ ਤੋਂ ਨਜ਼ਰਾਂ ਨਹੀਂ ਹਟਾ ਸਕੀ ਕਿਉਂਕਿ ਮੈਂ ਉਨ੍ਹਾਂ ਨੂੰ ਦੇਖਣਾ ਚਾਹੁੰਦੀ ਸੀ ਜਿਵੇਂ ਕਿ ਅੱਜ ਉਹ ਭਾਰਤ ਦੀ ਸਰਹੱਦ ਚ ਵਾਪਸ ਆ ਰਹੇ ਹਨ।
ਹਾਲੇ ਵਿਨਤਾ ਦਾ ਦਿਲੋ ਦਿਮਾਗ ਸਰਹੱਦ ਤੇ ਹੋ ਰਹੀ ਹਿੰਸਾ ਵੱਲ ਹੈ। ਉਨ੍ਹਾਂ ਕਿਹਾ ਕਿ ਮੈਂ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੀ ਹਾਂ ਤੇ ਉਮੀਦ ਕਰਦੀ ਹਾਂ ਕਿ ਰੱਬ ਸਾਨੂੰ ਹਿੰਸਾਮੁਕਤ ਦੁਨੀਆ ਦੇਵੇ। ਇਸ ਸਮੇਂ ਮੈਂ ਕੁਝ ਹੋਰ ਨਹੀਂ ਸੋਚ ਸਕਦੀ।
ਵਿਨਤਾ ਨੰਦਾ ਨੇ ਅੱਗੇ ਕਿਹਾ ਕਿ ਮੈਂ ਇਸ ਗੱਲ ਨੂੰ ਲੈ ਕੇ ਫ਼ਿਕਰਮੰਦ ਨਹੀਂ ਹਾਂ ਕਿ ਆਲੋਕਨਾਥ ਕੀ ਕਰ ਰਹੇ ਹਨ ਬਲਕਿ ਮੇਰਾ ਧਿਆਨ ਸਿਰਫ ਮੇਰੇ ਦਿਲ ਤੇ ਹੈ ਜਿਸ ਤੇ ਇਸ ਗੱਲ ਦਾ ਕੋਈ ਪ੍ਰਭਾਵ ਨਹੀਂ ਹੈ।
ਦੰਸਣਯੋਗ ਹੈ ਕਿ ਵਿਨਤਾ ਨੇ ਆਲੋਕਨਾਥ ਤੇ ਦੋਸ਼ ਲਗਾਇਆ ਸੀ ਕਿ 19 ਸਾਲ ਪਹਿਲਾਂ ਉਨ੍ਹਾਂ ਨੇ ਉਸ ਸਮੇਂ ਵਿਨਤਾ ਨਾਲ ਬਲਾਤਕਾਰ ਕੀਤਾ ਸੀ, ਜਦੋਂ ਦੋਵੇਂ ਇੱਕਠਿਆਂ ਕੰਮ ਕਰਦੇ ਸਨ। ਅਦਾਕਾਰ ਆਲੋਕਨਾਥ ਨੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।