ਬੀਤੇ ਮਾਰਚ ਮਹੀਨੇ ਤੋਂ ਹੀ ਹੁਣ ਤੱਕ ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਬਾਰੇ ਪ੍ਰਸ਼ੰਸਕਾਂ ਵੱਲੋਂ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ। ਉਸ ਤੋਂ ਬਾਅਦ ਉਹ ਹੁਣ ਤੱਕ ਚੁੱਪ ਰਹੇ ਸਨ ਪਰ ਹੁਣ ਉਨ੍ਹਾਂ ਨੇ ‘ਬੌਂਬੇ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਜਦੋਂ ਹਸਪਤਾਲਾਂ ਦੇ ਚੱਕਰ ਮਾਰਨੇ ਪੈ ਰਹੇ ਹਨ, ਤਦ ਜਿ਼ੰਦਗੀ ਦੀ ਅਣਕਿਆਸੀ ਪ੍ਰਕਿਰਤੀ ਦਾ ਅਹਿਸਾਸ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਸਾਰੀਆਂ ਚਿੰਤਾਵਾਂ ਖ਼ਤਮ ਹੋ ਗਈਆਂ ਹਨ।
ਇੱਥੇ ਵਰਨਣਯੋਗ ਹੈ ਕਿ ਇਰਫ਼ਾਨ ਖ਼ਾਨ ਨੂੰ ਨਿਊਰੋਐਂਡੋਕ੍ਰਾਈਨ ਟਿਊਮਰ ਹੈ।
ਇਰਫ਼ਾਨ ਖ਼ਾਨ ਨੇ ਅੱਗੇ ਕਿਹਾ,‘‘ਮੈਂ ਇੱਕ ਵੱਖਰੀ ਖੇਡ ਵਿੱਚ ਸਾਂ। ਮੈਂ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਵਿੱਚ ਜਾ ਰਿਹਾ ਸਾਂ, ਕਈ ਤਰ੍ਹਾਂ ਦੇ ਸੁਫ਼ਨੇ ਲੈ ਰਿਹਾ ਸਾਂ, ਨਵੀਂਆਂ ਯੋਜਨਾਵਾਂ ਉਲੀਕ ਰਿਹਾ ਸਾਂ, ਕਈ ਨਿਸ਼ਾਨੇ ਮਿੱਥੇ ਸਨ ਅਤੇ ਉਨ੍ਹਾਂ ਦੀ ਪੂਰਤੀ ਲਈ ਅੱਗੇ ਵਧ ਰਿਹਾ ਸਾਂ। ਅਚਾਨਕ ਕਿਸੇ ਨੇ ਜਿਵੇਂ ਮੇਰੇ ਮੋਢੇ `ਤੇ ਆਣ ਕੇ ਹੱਥ ਰੱਖਿਆ ਤੇ ਮੈਂ ਮੁੜਿਆ। ਉਹ ਟਿਕਟ ਚੈਕਰ ਸੀ, ਜੋ ਆਖ ਰਿਹਾ ਸੀ: ‘‘ਤੇਰੀ ਮੰਜਿ਼ਲ ਆ ਗਈ ਹੈ, ਉੱਤਰ ਜਾ।`` ਮੈਂ ਬਹੁਤ ਭੰਬਲ਼ਭੂਸੇ ਵਿੱਚ ਸਾਂ ਤੇ ਆਖ ਰਿਹਾ ਸਾਂ: ‘‘ਨਹੀਂ, ਹਾਲੇ ਮੇਰਾ ਟਿਕਾਣਾ ਨਹੀਂ ਆਇਆ`` ਇੰਝ ਕਦੀ-ਕਦਾਈਂ ਹੁੰਦਾ ਹੈ। ਤੁਹਾਨੂੰ ਅਚਾਨਕ ਅਹਿਸਾਸ ਹੋਣ ਲੱਗਦਾ ਹੈ ਕਿ ਤੁਸੀਂ ਇੱਕ ਮਹਾਂਸਾਗਰ ਵਿੱਚ ਸਿਰਫ ਬੋਤਲ ਦੇ ਕਾਰਕ ਭਾਵ ਡਾਟ ਵਾਂਗ ਹੋ। ਉਹ ਤੇਜ਼ ਅਤੇ ਉੱਚੀਆਂ ਲਹਿਰਾਂ ਨਾਲ ਇੱਧਰ-ਉੱਧਰ ਤੈਰਦਾ ਹੈ ਅਤੇ ਤੁਸੀਂ ਉਸ ਨੂੰ ਇੱਧਰ-ਉੱਧਰ ਲਿਜਾਣ ਦੀ ਨਾਕਾਮ ਕੋਸਿ਼ਸ਼ ਕਰ ਰਹੇ ਹੋ। .... ਇੱਕ ਵੇਲਾ ਅਜਿਹਾ ਆਉਂਦਾ ਹੈ, ਜਦੋਂ ਤੁਹਾਨੂੰ ਦਰਦ ਰੱਬ ਤੋਂ ਵੀ ਵੱਡਾ ਜਾਪਦਾ ਹੈ``
ਇਰਫ਼ਾਨ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ:
— Irrfan (@irrfank) March 16, 2018