ਹੱਸਣ-ਹਸਾੳੋੁਣ ਵਾਲਾ ਪ੍ਰਸਿੱਧ ਪ੍ਰੋਗਰਾਮ ‘ਕਪਿਲ ਸ਼ਰਮਾ ਸ਼ੋਅ` ਇੱਕ ਵਾਰ ਫਿਰ ਸੋਨੀ ਐਂਟਰਟੇਨਮੈਂਟ ਤੋਂ ਪ੍ਰਸਾਰਿਤ ਹੋਣ ਜਾ ਰਿਹਾ ਹੈ। ਐਤਕੀਂ ਕਾਫ਼ੀ ਧੂਮ-ਧਾਮ ਨਾਲ ਇਸ ਪ੍ਰੋਗਰਾਮ ਦੀ ਮੁੜ ਸ਼ੁਰੂਆਤ ਦੀ ਯੋਜਨਾ ਉਲੀਕੀ ਗਈ ਹੈ।
ਸੂਤਰਾਂ ਅਨੁਸਾਰ ਇਹ ਸ਼ੋਅ 25 ਨਵੰਬਰ ਤੋਂ ਮੁੜ ਸ਼ੁਰੂ ਹੋ ਜਾਵੇ, ਇਸ ਦੇ ਹਰ ਸੰਭਵ ਜਤਨ ਕੀਤੇ ਜਾ ਰਹੇ ਹਨ। ਪਰ ਜੇ ਕਿਸੇ ਕਾਰਨ ਅਜਿਹਾ ਮੁਮਕਿਨ ਨਾ ਹੋ ਸਕਿਆ, ਤਾਂ ਇਹ 11 ਦਸੰਬਰ ਤੋਂ ਤਾਂ ਜ਼ਰੂਰ ਪ੍ਰਸਾਰਿਤ ਹੋਣਾ ਸ਼ੁਰੂ ਹੋ ਜਾਵੇਗਾ।
ਦਰਅਸਲ, ਇਨ੍ਹਾਂ ਹੀ ਦਿਨਾਂ `ਚ ਕਪਿਲ ਸ਼ਰਮਾ ਦਾ ਵਿਆਹ ਵੀ ਆਪਣੀ ਪੁਰਾਣੀ ਗਰਲ-ਫ਼ਰੈਂਡ ਗਿੰਨੀ ਚਤਰਥ ਨਾਲ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਹੋ ਸਕਦਾ ਹੈ ਕਿ ਵਿਆਹ ਕਰਵਾਉਣ ਤੋਂ ਬਾਅਦ ਇਹ ਸ਼ੋਅ 11 ਦਸੰਬਰ ਨੂੰ ਹੀ ਮੁੜ ਸ਼ੁਰੂ ਹੋਵੇ; ਕਿਉਂਕਿ ਵਿਆਹ ਦਸੰਬਰ ਦੇ ਪਹਿਲੇ ਦੋ ਹਫ਼ਤਿਆਂ `ਚ ਹੀ ਅੰਮ੍ਰਿਤਸਰ (ਪੰਜਾਬ) ਵਿਖੇ ਹੋਣਾ ਤੈਅ ਹੈ।
ਕਪਿਲ ਸ਼ਰਮਾ ਸ਼ੋਅ ਨੂੰ ਇਸ ਵਾਰ ਕੁਝ ਨਵਾਂ ਰੂਪ ਦੇਣ ਦਾ ਜਤਨ ਕੀਤਾ ਗਿਆ ਹੈ। ਇਸ ਵਿੱਚ ਤੁਹਾਨੂੰ ਕੁਝ ਤਾਜ਼ਾਪਣ ਵਿਖਾਈ ਦੇਵੇਵਾ, ਜਿ਼ਆਦਾ ਹਾਜ਼ਰ-ਜਵਾਬੀ ਹੋਵੇਗੀ, ਨਵੇਂ ਲਤੀਫ਼ੇ ਹੋਣਗੇ ਤੇ ਨਵੀਂਆਂ ਸਕਿੱਟਸ ਹੋਣਗੀਆਂ। ਇਸ ਵਾਰ ਕੁਝ ਨਵੇਂ ਲੇਖਕਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ।
ਇਹ ਵੀ ਪਤਾ ਲੱਗਾ ਹੈ ਕਿ ਕਪਿਲ ਸ਼ਰਮਾ ਨੇ ਇਸ ਸ਼ੋਅ ਲਈ ਹੁਣ ਮਾਸ ਤੇ ਸ਼ਰਾਬ ਦੋਵਾਂ ਨੂੰ ਹੀ ਤਿਆਗ ਦਿੱਤਾ ਹੈ।