ਤਨੂਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਵਿਚਾਲੇ ਵਿਵਾਦ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਕੁਝ ਦਿਨ ਪਹਿਲਾਂ ਤਨੂਸ਼੍ਰੀ ਨਾਨਾ `ਤੇ ਇਹ ਇਲਜ਼ਾਮ ਲਾਇਆ ਸੀ ਕਿ ਨਾਨਾ ਪਾਟੇਕਰ ਨੇ ਲਗਭਗ 10 ਵਰ੍ਹੇ ਪਹਿਲਾਂ ਫਿ਼ਲਮ ‘ਹਾਰਨ ਓਕੇ` ਦੇ ਸੈੱਟ `ਤੇ ਉਨ੍ਹਾਂ ਨਾਲ ਬਦਸਲੂਕੀ (ਜਿਨਸੀ ਛੇੜਖਾਨੀ) ਕੀਤੀ ਸੀ। ਉਸ ਤੋਂ ਬਾਅਦ ਤਨੂਸ਼੍ਰੀ ਨੇ ਬਾਲੀਵੁੱਡ ਹੀ ਛੱਡ ਦਿੱਤਾ ਸੀ। ਮਾਮਲੇ ਨੂੰ ਵਧਦਾ ਵੇਖ ਨਾਨਾ ਪਾਟੇਕਰ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ। ਹੁਣ ਖ਼ਬਰ ਆਈ ਹੈ ਕਿ ਨਾਨਾ ਪਾਟੇਕਰ ਨੇ ਤਨੂਸ਼੍ਰੀ ਨੂੰ ਇੱਕ ‘ਲੀਗਲ ਨੋਟਿਸ` ਵੀ ਭਿਜਵਾ ਦਿੱਤਾ ਹੈ। ਇਹ ਖ਼ੁਲਾਸਾ ਨਾਨਾ ਪਾਟੇਕਰ ਦੇ ਵਕੀਲ ਰਾਜੇਂਦਰ ਸਿ਼ਰੋਡਕਰ ਨੇ ਕੀਤਾ ਹੈ।
ਨਾਨਾ ਪਾਟੇਕਰ ਦੇ ਵਕੀਲ ਨੇ ਅੱਜ ਦੱਸਿਆ ਕਿ ਤਨੂਸ਼੍ਰੀ ਦੱਤਾ ਨੂੰ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ, ਜੋ ਅੱਜ ਹੀ ਉਨ੍ਹਾਂ ਨੂੰ ਮਿਲ ਜਾਵੇਗਾ। ਇਸ ਵਿੱਚ ਨਾਨਾ ਪਾਟੇਕਰ ਦਾ ਅਕਸ ਖ਼ਰਾਬ ਕਰਨ ਬਦਲੇ ਮਾਫ਼ੀ ਮੰਗਣ ਲਈ ਕਿਹਾ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਨੇ ਦੱਸਿਆ ਕਿ ਇਸ ਬਾਰੇ ਹਾਲੇ ਬਹੁਤ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਹੁਣ ਅਜਿਹਾ ਕਿਉਂ ਕਰ ਰਹੀ ਹੈ, ਇਸ ਬਾਰੇ ਕੁਝ ਪਤਾ ਨਹੀਂ ਹੈ। ਨਾਨਾ ਛੇਤੀ ਹੀ ਮੁੰਬਈ ਵਾਪਸ ਆ ਕੇ ਇਸ ਮੁੱਦੇ `ਤੇ ਪ੍ਰੈੱਸ ਕਾਨਫ਼ਰੰਸ ਕਰ ਸਕਦੇ ਹਨ।
ਨਾਨਾ ਦੇ ਵਕੀਲ ਨੇ ਪਹਿਲਾਂ ਵੀ ਅਜਿਹਾ ਦਾਅਵਾ ਕੀਤਾ ਸੀ ਕਿ ਉਨ੍ਹਾਂ ਤਨੂਸ਼੍ਰੀ ਨੂੰ ਲੀਗਲ ਨੋਟਿਸ ਭੇਜਿਆ ਹੈ, ਜਿਸ ਤੋਂ ਬਾਅਦ ਤਨੂਸ਼੍ਰੀ ਨੇ ਦੋ ਦਿਨ ਪਹਿਲਾਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਹਾਲੇ ਤੱਕ ਅਜਿਹਾ ਕੋਈ ਨੋਟਿਸ ਨਹੀਂ ਮਿਲਿਆ।