ਭਾਰਤ ਅਤੇ ਪਾਕਿਸਤਾਨ ਚ ਤਣਾਅ ਵਿਚਾਲੇ ਪੰਜਾਬੀ ਗਾਇਕ ਮੀਕਾ ਸਿੰਘ ਦੇ ਕਰਾਚੀ ਚ ਇਕ ਅਰਬਪਤੀ ਦੀ ਧੀ ਦੇ ਵਿਆਹ ਚ ਪੇਸ਼ਕਾਰੀ ਦੇਣ ਮਗਰੋਂ ਵਿਵਾਦ ਪੈਦਾ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਹ ਅਰਬਪਤੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦਾ ਨੇੜਲਾ ਹੈ।
ਡੇਲੀ ਜੰਗ ਅਖ਼ਬਾਰ ਦੀ ਖ਼ਬਰ ਮੁਤਾਬਕ 42 ਸਾਲਾ ਮੀਕਾ ਸਿੰਘ ਆਪਣੇ ਗਰੁੱਪ ਨਾਲ ਇਕ ਰਸੂਖ਼ਦਾਰ ਅਰਬਪਤੀ ਦੀ ਧੀ ਦੇ ਵਿਆਹ ਚ 8 ਅਗਸਤ ਨੂੰ ਪੇਸ਼ਕਾਰੀ ਦੇਣ ਆਏ ਸਨ ਜਿਹੜਾ ਮੁਸ਼ਰਫ ਦਾ ਨੇੜਲਾ ਦਸਿਆ ਜਾਂਦਾ ਹੈ। ਇਸ ਪੇਸ਼ਕਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਇਸ ਪੇਸ਼ਕਾਰੀ ਦਾ ਖੁਲਾਸਾ ਹੋਇਆ।
ਵਿਰੋਧੀ ਪਾਕਿਸਤਾਨ ਪੀਪਲ਼ਜ ਪਾਰਟੀ ਦੇ ਆਗੂ ਸਈਦ ਖੁਰਸ਼ੀਦ ਸ਼ਾਹ ਨੇ ਕਿਹਾ ਕਿ ਸਰਕਾਰ ਨੂੰ ਪੱਕੇ ਤੌਰ ਤੇ ਪਤਾ ਲਗਾਉਣਾ ਚਾਹੀਦੈ ਕਿ ਅਜਿਹੇ ਸਮੇਂ ਜਦੋਂ ਭਾਰਤ ਦੇ ਨਾਲ ਡਿਪਲੋਮੈਟਿਕ ਅਤੇ ਕਾਰੋਬਾਰੀ ਸਬੰਧ ਮਅੱਤਲ ਹਨ ਤਾਂ ਭਾਰਤੀ ਗਾਇਕ ਅਤੇ ਉਨ੍ਹਾਂ ਦੇ 14 ਮੈਂਬਰੀ ਗਰੁੱਪ ਨੂੰ ਕਿਸਨੇ ਸੁਰੱਖਿਆ ਮਨਜ਼ੂਰੀ ਦਿੱਤੀ।
ਅਖ਼ਬਾਰ ਮੁਤਾਬਕ ਵਿਆਹ ਵਾਲਾ ਲਾੜਾ ਮੀਕਾ ਸਿੰਘ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਤੇ ਉਹ ਮੀਕਾ ਦਾ ਲਾਈਵ ਸ਼ੋਅ ਦੇਖਣਾ ਚਾਹੁੰਦਾ ਸੀ ਤੇ ਉਸ ਦੀ ਇਸੇ ਇੱਛਾ ਨੂੰ ਪੂਰਾ ਕਰਨ ਲਈ ਉਸ ਦੇ ਸਹੁਰਿਆਂ ਨੇ ਆਪਣੇ ਸੰਪਰਕ ਦੀ ਵਰਤੋਂ ਕਰਦਿਆਂ ਭਾਰਤੀ ਬੈਂਡ ਨੂੰ ਹਾਈ ਲੈਵਲ ਦੀ ਸੁਰੱਖਿਆ ਮਨਜ਼ੂਰੀ ਅਤੇ ਵੀਜ਼ਾ ਦਿਵਾਇਆ।
ਮੀਕਾ ਦੀ ਇਸ ਪੇਸ਼ਕਾਰੀ ਲਈ ਉਨ੍ਹਾਂ ਨੂੰ ਲਗਭਗ 1,50,000 ਅਮਰੀਕੀ ਡਾਲਰ ਦਾ ਭੁੱਗਤਾਨ ਕੀਤਾ ਗਿਆ। ਪੰਜਾਬੀ ਗਾਇਕ ਮੀਕਾ ਸਿੰਘ ਦੇ ਇਸ ਸਮਾਗਮ ਕਾਰਨ ਉਨ੍ਹਾਂ ਦੇ ਭਾਰਤੀ ਪ੍ਰਸੰਸਕ ਕਾਫੀ ਨਾਰਾਜ਼ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਪੋ ਆਪਣੀ ਨਾਰ਼ਾਜ਼ਗੀ ਜ਼ਾਹਿਰ ਕੀਤੀ ਹੈ।
.