24 ਫਰਵਰੀ ਨੂੰ ਅੱਜ ਤੋਂ ਦੋ ਸਾਲ ਪਹਿਲਾਂ 2018 'ਚ ਫਿਲਮ ਇੰਡਸਟਰੀ ਤੋਂ ਇੱਕ ਅਜਿਹੀ ਖਬਰ ਆਈ ਸੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ। ਖਬਰ ਸੀ ਕਿ ਸ੍ਰੀਦੇਵੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਜਿਵੇਂ ਹੀ ਸ੍ਰੀਦੇਵੀ ਦੀ ਮੌਤ ਦੀ ਖਬਰ ਲੋਕਾਂ ਨੂੰ ਪਤਾ ਲੱਗੀ ਤਾਂ ਜ਼ਿਆਦਾਤਰ ਲੋਕ ਭਰੋਸਾ ਕਰਨ ਲਈ ਤਿਆਰ ਨਹੀਂ ਸਨ ਕਿ ਸ੍ਰੀਦੇਵੀ ਇਸ ਦੁਨੀਆ ਤੋਂ ਚਲੀ ਗਈ।
ਅੱਜ ਉਨ੍ਹਾਂ ਦੀ ਬਰਸੀ 'ਤੇ ਉਨ੍ਹਾਂ ਦੀ ਪਿਆਰੀ ਬੇਟੀ ਜਾਨਹਵੀ ਕਪੂਰ ਨੇ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਮਾਂ ਨੂੰ ਕਿੰਨਾ ਯਾਦ ਕਰਦੀ ਹੈ। ਜਾਨਹਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਮਾਂ ਨਾਲ ਇੱਕ ਮੋਨੋਗ੍ਰਾਮ ਫ਼ੋਟੋ ਸ਼ੇਅਰ ਕੀਤੀ, ਜਿਸ' ਚ ਉਸ ਨੇ ਸ੍ਰੀਦੇਵੀ ਨੂੰ ਜੱਫੀ ਪਾ ਕੇ ਲੇਟੀ ਹੋਈ ਹੈ। ਇਹ ਫ਼ੋਟੋ ਜਾਨਹਵੀ ਦੇ ਬਚਪਨ ਦੇ ਦਿਨਾਂ ਦੀ ਇੱਕ ਤਸਵੀਰ ਹੈ। ਫ਼ੋਟੋ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, "ਮੈਂ ਤੁਹਾਨੂੰ ਹਰ ਰੋਜ਼ ਯਾਦ ਕਰਦੀ ਹਾਂ'।"
ਜਾਨਹਵੀ ਦੀ ਫ਼ੋਟੋ 'ਤੇ ਕਰਨ ਜੌਹਰ, ਮਹੀਪ ਕਪੂਰ, ਸੰਜੇ ਕਪੂਰ, ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਵੀ ਸ੍ਰੀਦੇਵੀ ਨੂੰ ਯਾਦ ਕੀਤਾ।
ਜ਼ਿਕਰਯੋਗ ਹੈ ਕਿ 13 ਅਗਸਤ 1963 ਨੂੰ ਤਮਿਲਨਾਡੂ ਦੇ ਸ਼ਿਵਕਾਸੀ ਵਿੱਚ ਸ੍ਰੀਦੇਵੀ ਦਾ ਜਨਮ ਹੋਇਆ। ਪਿਤਾ ਅਇੱਪਨ ਤਮਿਲ ਅਤੇ ਮਾਂ ਤੇਲਗੂ ਸੀ। ਘਰ ਵਿੱਚ ਦੋਵੇਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਚਾਰ ਸਾਲ ਦੀ ਉਮਰ ਵਿੱਚ ਤਮਿਲ ਫ਼ਿਲਮ ਵਿੱਚ ਚਾਇਲਡ ਆਰਟਿਸਟ ਦੀ ਭੂਮਿਕਾ ਅਦਾ ਕੀਤੀ ਸੀ। ਅੱਠ ਸਾਲ ਦੀ ਉਮਰ ਵਿੱਚ ਉਨ੍ਹਾਂ ਮਲਿਆਲਮ ਫ਼ਿਲਮ ਪੂਮਬੱਤਾ ਵਿੱਚ ਕੰਮ ਕੀਤਾ। ਇਸ ਫ਼ਿਲਮ ਵਿੱਚ ਸ੍ਰੀਦੇਵੀ ਨੂੰ ਕੇਰਲਾ ਸਟੇਟ ਫ਼ਿਲਮ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਹੌਲੀ-ਹੌਲੀ ਦੱਖਣ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਸ੍ਰੀਦੇਵੀ ਦਾ ਕੱਦ ਵਧਦਾ ਹੀ ਜਾ ਰਿਹਾ ਸੀ ਪਰ ਉਨ੍ਹਾਂ ਦੀ ਮੰਜ਼ਿਲ ਬਾਲੀਵੁੱਡ ਹੀ ਸੀ। ਸਾਲ 1975 ਵਿੱਚ ਉਨ੍ਹਾਂ ਨੂੰ ਫਿਲਮ ਜੂਲੀ ਵਿੱਚ ਇੱਕ ਛੋਟਾ ਜਿਹਾ ਰੋਲ ਮਿਲਿਆ। 16 ਸਾਲ ਦੀ ਉਮਰ ਵਿੱਚ ਸ੍ਰੀਦੇਵੀ ਨੂੰ ਬਾਲੀਵੁੱਡ ਵਿੱਚ ਪਹਿਲਾ ਬ੍ਰੇਕ ਮਿਲਿਆ। ਪੀ. ਭਰਤੀਰਾਜਾ ਨੇ ਸੋਲ੍ਹਵਾਂ ਸਾਵਨ ਨਾਂ ਦੀ ਫ਼ਿਲਮ ਬਣਾਈ। ਇਹ ਫ਼ਿਲਮ ਕੁੱਝ ਖਾਸ ਨਹੀਂ ਕਰ ਸਕੀ।
ਸ੍ਰੀਦੇਵੀ ਵਾਪਸ ਦੱਖਣ ਭਾਰਤੀ ਸਿਨੇਮਾ ਵੱਲ ਮੁੜ ਗਈ। ਅਗਲੀ ਫ਼ਿਲਮ ਲਈ ਚਾਰ ਸਾਲ ਦਾ ਇੰਤਜ਼ਾਰ ਕਰਨਾ ਪਿਆ ਅਤੇ ਉਹ ਮੁੜ ਬਾਲੀਵੁੱਡ ਵਿੱਚ ਪਰਤੀ। ਉਨ੍ਹਾਂ ਦੇ ਨਾਲ ਕਮਲ ਹਾਸਨ ਨੇ ਫ਼ਿਲਮ ਸਦਮਾ ਬਣਾਈ। ਫ਼ਿਲਮ ਹਿੱਟ ਹੋਈ ਅਤੇ ਸ਼੍ਰੀਦੇਵੀ ਨੂੰ ਫ਼ਿਲਮਫੇਅਰ ਐਵਾਰਡ ਵੀ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਫ਼ਿਲਮ ਹਿਮੰਤਵਾਲਾ ਨੇ ਤਾਂ ਸ੍ਰੀਦੇਵੀ ਨੂੰ ਬੇਹੱਦ ਹਿੱਟ ਕਰ ਦਿੱਤਾ।
ਸਾਲ 1986 ਵਿੱਚ ਫ਼ਿਲਮ ਨਗੀਨਾ 'ਚ ਸ੍ਰੀਦੇਵੀ ਨਾਗਿਨ ਬਣੀ। ਇਹ ਵੀ ਸੁਪਰਹਿੱਟ ਰਹੀ। ਇਸੇ ਸਾਲ ਕਰਮਾ ਅਤੇ ਜਾਂਬਾਜ਼ ਵੀ ਰਿਲੀਜ਼ ਹੋਈਆਂ। 1987 'ਚ ਫ਼ਿਲਮ ਮਿਸਟਰ ਇੰਡੀਆ ਵਿੱਚ ਸ੍ਰੀਦੇਵੀ ਨੇ ਇੱਕ ਪੱਤਰਕਾਰ ਦੀ ਭੂਮੀਕਾ ਅਦਾ ਕੀਤੀ। ਇਸ ਫ਼ਿਲਮ ਦੇ ਗਾਣੇ ਹਵਾ-ਹਵਾਈ ਕਰਕੇ ਸ੍ਰੀਦੇਵੀ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।
1989 ਵਿੱਚ ਫ਼ਿਲਮ ਚਾਲਬਾਜ਼ ਵਿੱਚ ਸ੍ਰੀਦੇਵੀ ਨੇ ਡਬਲ ਰੋਲ ਕੀਤਾ। ਇਸ ਫ਼ਿਲਮ ਲਈ ਵੀ ਫ਼ਿਲਮ ਫੇਅਰ ਐਵਾਰਡ ਜਿੱਤਿਆ। ਇਸ ਤੋਂ ਬਾਅਦ ਸ੍ਰੀਦੇਵੀ ਯਸ਼ਰਾਜ ਕੈਂਪ ਦੀ ਹੀਰੋਇਨ ਬਣ ਗਈ। ਚਾਂਦਨੀ, ਲਮਹੇ ਵਰਗੀਆਂ ਫ਼ਿਲਮਾਂ ਨੇ ਉਨ੍ਹਾਂ ਨੂੰ ਦੌਲਤ ਅਤੇ ਸ਼ੋਹਰਤ ਦਿੱਤੀ। ਲਮਹੇ ਫ਼ਿਲਮ ਲਈ ਫਿਰ ਫ਼ਿਲਮ ਫੇਅਰ ਮਿਲਿਆ।
1992 ਵਿੱਚ ਰਿਲੀਜ਼ ਹੋਈ ਖ਼ੁਦਾ ਗਵਾਹ ਤੋਂ ਬਾਅਦ ਸ੍ਰੀਦੇਵੀ ਦਾ ਕਰੀਅਰ ਗ੍ਰਾਫ ਹੇਠਾਂ ਆਉਣਾ ਸ਼ੁਰੂ ਹੋ ਗਿਆ। ਕਈ ਫ਼ਿਲਮਾਂ ਫਲਾਪ ਰਹੀਆਂ। ਅਨਿਲ ਕਪੂਰ ਨਾਲ ਉਨ੍ਹਾਂ ਦੀਆਂ ਕਈ ਫ਼ਿਲਮਾਂ ਹਿੱਟ ਵੀ ਹੋਈਆਂ। ਸਾਲ 1997 ਵਿੱਚ ਉਨ੍ਹਾਂ ਨੇ ਫਿਰ ਬਾਲੀਵੁੱਡ ਵਿੱਚ ਧਮਾਕਾ ਕਰ ਦਿੱਤਾ।
ਸਾਲ 1996 ਵਿੱਚ ਸ੍ਰੀਦੇਵੀ ਨੇ ਅਨਿਲ ਕਪੂਰ ਦੇ ਵੱਡੇ ਭਰਾ ਅਤੇ ਡਾਇਰੈਕਟਰ ਬੋਨੀ ਕਪੂਰ ਨਾਲ ਵਿਆਹ ਕਰ ਲਿਆ। ਇਸ ਤੋਂ ਬਾਅਦ ਸ੍ਰੀਦੇਵੀ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ। ਸਾਲ 2012 ਵਿੱਚ ਸ਼੍ਰੀਦੇਵੀ ਨੇ ਗੌਰੀ ਸ਼ਿੰਦੇ ਦੀ ਫਿਲਮ ਇੰਗਲਿਸ਼-ਵਿੰਗਲਿਸ਼ ਰਾਹੀਂ ਵਾਪਸੀ ਕੀਤੀ। ਸਾਲ 2017 ਵਿੱਚ ਰਿਲੀਜ਼ ਹੋਈ ਮੌਮ ਉਨ੍ਹਾਂ ਦੀ ਆਖ਼ਰੀ ਫ਼ਿਲਮ ਸੀ।