ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਦੇਸ਼ ਭਰ 'ਚ ਪ੍ਰਦਰਸ਼ਨ ਜਾਰੀ ਹੈ। ਰੋਸ ਪ੍ਰਦਰਸ਼ਨ ਹਿੰਸਾ ਤਕ ਪਹੁੰਚ ਚੁੱਕਾ ਹੈ। ਸੱਭ ਤੋਂ ਵੱਧ ਹਿੰਸਾ ਦੀਆਂ ਖਬਰਾਂ ਉੱਤਰ ਪ੍ਰਦੇਸ਼ ਤੋਂ ਆ ਰਹੀਆਂ ਹਨ। ਇੱਥੇ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਕਾਰ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਵਿਰੁੱਧ ਸੋਸ਼ਲ ਮੀਡੀਆ ਦੇ ਜਰੀਏ ਅਵਾਜ਼ ਚੁੱਕੀ ਹੈ।
ਅਦਾਕਾਰ ਫਰਹਾਨ ਅਖਤਰ 'ਤੇ ਇਸ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ 'ਚ ਅਦਾਕਾਰਾ ਸਦਫ ਜਫਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਰਿਪੋਰਟ ਮੁਤਾਬਿਕ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਕਾਰਨ ਪੁਲਿਸ ਨੇ ਪਹਿਲਾਂ ਸਦਫ ਨਾਲ ਮਾਕਕੁੱਟ ਕੀਤੀ ਫਿਰ ਗ੍ਰਿਫਤਾਰ ਕਰ ਲਿਆ।
ਅਧਿਅਪਿਕਾ ਰਹਿ ਚੁੱਕੀ ਸਦਫ ਝੰਡੋ-ਅਮਰੀਕਨ ਫਿਲਮ ਨਿਰਮਾਤਾ ਮੀਰਾ ਨਾਇਰ ਦੀ ਆਉਣ ਵਾਲੀ ਫਿਲਮ 'ਏ ਸੂਟੇਬਲ ਬਾਏ' 'ਚ ਵੀ ਕੰਮ ਕਰ ਚੁੱਕੀ ਹੈ। ਈਸ਼ਾਨ ਖੱਟੜ-ਤੱਬੂ ਸਟਾਰਰ ਇਸ ਫਿਲਮ ਦਾ ਉਹ ਹਿੱਸਾ ਹੈ। ਉਨ੍ਹਾਂ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਦਿੰਦਿਆਂ ਫਿਲਮ 'ਏ ਸੂਟੇਬਲ ਬਾਏ' ਦੀ ਡਾਇਰੈਕਟਰ ਮੀਰਾ ਨਾਇਰ ਨੇ ਟਵੀਟ ਕੀਤਾ ਹੈ।
ਉਨ੍ਹਾਂ ਨੇ ਲਿਖਿਆ, ''ਇਹ ਸਾਡਾ ਦੇਸ਼ ਹੈ। ਹੁਣ ਡਰ ਪੈਦਾ ਕਰਨ ਵਾਲਾ। ਲਖਨਊ 'ਚ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਪੁਲਸ ਨੇ ਸਦਫ ਜਫਰ ਨੂੰ ਕੁੱਟਿਆ ਤੇ ਫਿਰ ਜੇਲ 'ਚ ਬੰਦ ਕਰ ਦਿੱਤਾ। ਜੇਲ 'ਚੋਂ ਉਨ੍ਹਾਂ ਦੀ ਰਿਹਾਈ ਦੀ ਮੰਗ 'ਚ ਮੈਨੂੰ ਜੁਆਇਨ ਕਰੋ।''
ਜ਼ਿਕਰਯੋਗ ਹੈ ਕਿ ਸਦਫ ਨੇ ਰੋਸ ਪ੍ਰਦਰਸ਼ਨ ਨੂੰ ਫੇਸਬੁੱਕ 'ਤੇ ਲਾਈਵ ਵਿਖਾਇਆ ਸੀ। ਉਹ ਹਿੰਸਕ ਪ੍ਰਦਰਸ਼ਨ ਦਾ ਹਿੱਸਾ ਨਹੀਂ ਸੀ। ਬਾਅਦ 'ਚ ਕੁੱਝ ਸ਼ਰਾਰਤੀ ਅਨਸਰਾਂ ਨੇ ਪੱਥਰਬਾਜ਼ੀ ਸ਼ੁਰੂ ਕੀਤੀ ਸੀ। ਸਦਫ ਨੇ ਇਸ ਸੱਭ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਵਿਖਾਇਆ ਸੀ। ਇਸ ਵੀਡੀਓ 'ਚ ਸਦਫ ਪੁਲਿਸ ਨਾਲ ਗੱਲਬਾਤ ਕਰਦੀ ਵੀ ਨਜ਼ਰ ਆ ਰਹੀ ਹੈ। ਉਹ ਕਹਿ ਰਹੀ ਹੈ ਕਿ ਪੁਲਿਸ ਪੱਥਰਬਾਜ਼ਾਂ ਨੂੰ ਰੋਕਣ ਲਈ ਕਿਉਂ ਕੁੱਝ ਨਹੀਂ ਕਰ ਰਹੀ ਹੈ।