ਸੁਪਰ ਸਟਾਰ ਅਕਸ਼ੇ ਕੁਮਾਰ ਛੇਤੀ ਹੀ ਫ਼ਿਲਮ ‘ਮਿਸ਼ਨ ਮੰਗਲ’ ਵਿੱਚ ਵਿਖਾਈ ਦੇਣਗੇ। ਇਸ ਫ਼ਿਲਮ ਵਿੱਚ ਸ਼ਰਮਨ ਜੋਸ਼ੀ, ਵਿਦਿਆ ਬਾਲਨ, ਤਾਪਸੀ ਪੰਨੂੰ, ਸੋਨਾਕਸ਼ੀ ਸਿਨਹਾ ਤੇ ਕੀਰਤੀ ਕੁਲਹਾਰੀ ਜਿਹੇ ਸਿਤਾਰੇ ਵੀ ਅਹਿਮ ਭੂਮਿਕਾ ਵਿੱਚ ਹਨ। ਐੱਸ ਸ਼ੰਕਰ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 15 ਅਗਸਤ ਨੂੰ ਵੱਡੇ ਪਰਦੇ ਉੱਤੇ ਰਿਲੀਜ਼ ਹੋ ਰਹੀ ਹੈ।
ਅਕਸ਼ੇ ਕੁਮਾਰ ਅੱਜ ਕੱਲ੍ਹ ਇਸੇ ਫ਼ਿਲਮ ਦੇ ਪ੍ਰੋਮੋਸ਼ਨ ਵਿੱਚ ਜੁਟੇ ਹੋਏ ਹਨ। ਇਸੇ ਦੌਰਾਨ ਹੁਣ ਇਹ ਖ਼ਬਰ ਵੀ ਆ ਰਹੀ ਹੈ ਕਿ ਡਾਇਰੈਕਟਰ ਨੀਰਜ ਪਾਂਡੇ ਹੁਣ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਉੱਤੇ ਇੱਕ ਫ਼ਿਲਮ ਬਣਾਉਣ ਜਾ ਰਹੇ ਹਨ; ਜਿਸ ਵਿੱਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਉਣਗੇ।
‘ਮੁੰਬਈ ਮਿਰਰ’ ਦੀ ਖ਼ਬਰ ਮੁਤਾਬਕ ਅਕਸ਼ੇ ਕੁਮਾਰ ਤੇ ਡਾਇਰੈਕਟਰ ਨੀਰਜ ਪਾਂਡੇ ਦੀ ਜੋੜੀ ਪਹਿਲਾਂ ‘ਬੇਬੀ’, ‘ਸਪੈਸ਼ਲ 26’, ‘ਰੁਸਤਮ’ ਜਿਹੀਆਂ ਫ਼ਿਲਮਾਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਉੱਤੇ ਫ਼ਿਲਮ ਬਣਾਉਣ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਹਨ।
ਹਾਲੇ ਇਸ ਦੀ ਸਕ੍ਰਿਪਟ ਦਾ ਕੰਮ ਚੱਲ ਰਿਹਾ ਹੈ ਤੇ ਰੀਸਰਚ ਜਾਰੀ ਹੈ।
ਇਸ ਫ਼ਿਲਮ ਬਾਰੇ ਪੁੱਛੇ ਜਾਣ ’ਤੇ ਨੀਰਜ ਨੇ ਦੱਸਿਆ ਕਿ ਉਹ ਪਹਿਲਾਂ ਫ਼ਿਲਮ ‘ਚਾਣੱਕਿਆ’ ਦੀ ਸ਼ੂਟਿੰਗ ਖ਼ਤਮ ਕਰਨਗੇ ਤੇ ਬਾਅਦ ਵਿੱਚ ਇਸ ਫ਼ਿਲਮ ਦਾ ਕੰਮ ਸ਼ੁਰੂ ਕਰਨਗੇ।
ਉੱਧਰ ਅਕਸ਼ੇ ਕੁਮਾਰ ਦੀਆਂ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਆ ਰਹੀਆਂ ਹਨ, ਜਿਨ੍ਹਾਂ ਦੇ ਨਾਂਅ ਕੁਝ ਇਸ ਪ੍ਰਕਾਰ ਹਨ – ਹਾਊਸਫ਼ੁਲ 4, ਸੂਰਿਆਵੰਸ਼ੀ (ਰੋਹਿਤ ਸ਼ੈਟੀ ਇਸ ਦੇ ਡਾਇਰੈਕਟਰ ਹਨ), ਲਕਸ਼ਮੀ ਬਮ, ਗੁੱਡ ਨਿਊਜ਼, ਬੱਚਨ ਪਾਂਡੇ।