ਬਹੁ–ਚਰਚਿਤ ਫ਼ਿਲਮ ‘ਬਾਹੂਬਲੀ’ ਦੇ ਅਦਾਕਾਰ ਮਧੂ–ਪ੍ਰਕਾਸ਼ ਦੀ ਪਤਨੀ ਭਾਰਤੀ ਨੇ ਖ਼ੁਦਕੁਸ਼ੀ ਕਰ ਲਈ ਹੈ। ਏਐੱਨਆਈ ਦੀ ਰਿਪੋਰਟ ਮੁਤਾਬਕ ਮਧੂ ਦੀ ਪਤਨੀ ਭਾਰਤੀ ਨੇ ਹੈਦਰਾਬਾਦ ਸਥਿਤ ਆਪਣੇ ਘਰ ਅੰਦਰ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ।
ਪੁਲਿਸ ਨੇ ਫ਼ਿਲਮ ਅਦਾਕਾਰ ਮਧੂ ਪ੍ਰਕਾਸ਼ ਨੂੰ ਦਾਜ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਮਧੂ ਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਭਾਰਤੀ ਦੰਡ–ਸੰਘਤਾ ਦੀ ਧਾਰਾ 304–ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਰਵਿੰਦਰ ਦਾ ਕਹਿਣਾ ਹੈ ਕਿ ਭਾਰਤੀ ਦੇ ਪਿਤਾ ਨੇ ਮਧੁ ਪ੍ਰਕਾਸ਼ ਵਿਰੁੱਧ ਰਿਪੋਰਟ ਦਰਜ ਕਰਵਾਈ ਹੈ, ਜਿਸ ਮੁਤਾਬਕ ਮਧੂ ਤੇ ਉਸ ਦਾ ਪਰਿਵਾਰ ਦਾਜ ਲਈ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਕਰ ਰਹੇ ਸਨ।
ਇਸੇ ਲਈ ਮਧੂ ਪ੍ਰਕਾਸ਼ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪਿਤਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਧੀ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ; ਇਸੇ ਲਈ ਉਸ ਨੇ ਮਜਬੂਰ ਹੋ ਕੇ ਖ਼ੁਦਕੁਸ਼ੀ ਕੀਤੀ ਹੈ।