ਬਿੱਗ ਬੌਸ ਦੇ ਸਾਬਕਾ ਕੰਟੈਸਟੈਂਟ ਅਤੇ ਬਾਲੀਵੁੱਡ ਅਦਾਕਾਰ ਅਸ਼ਮਿਤ ਪਟੇਲ ਅਤੇ ਅਦਾਕਾਰਾ ਮਹਿਕ ਚਹਿਲ ਲੰਮੇ ਸਮੇਂ ਤੋਂ ਇੱਕ-ਦੂਜੇ ਦੇ ਨਾਲ ਰਹੇ ਹਨ, ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਦੋਹਾਂ ਦਾ ਰਿਸ਼ਤਾ ਟੁੱਟ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਨੇ ਆਪਣਾ 5 ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ ਹੈ।
ਖਬਰਾਂ ਮੁਤਾਬਿਕ ਦੋਵਾਂ ਦੀ ਅਗੱਸਤ 2017 'ਚ ਮੰਗਣੀ ਹੋਈ ਸੀ। ਇਸ ਤੋਂ ਬਾਅਦ ਸਾਲ 2018 'ਚ ਅਸ਼ਮਿਤ ਅਤੇ ਮਹਿਕ ਡੈਸਟੀਨੇਸ਼ਨ ਵੈਡਿੰਗ ਦੀ ਪਲਾਨਿੰਗ ਕਰ ਰਹੇ ਸਨ ਪਰ ਫਿਰ ਦੋਹਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਵਿਆਹ ਲਈ ਹੋਰ ਸਮਾਂ ਚਾਹੀਦਾ ਹੈ ਅਤੇ ਵਿਆਹ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ। ਦੋਹਾਂ ਵਿਚਕਾਰ ਫਿਰ ਵਿਵਾਦ ਵੱਧਦਾ ਗਿਆ ਅਤੇ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
ਬੰਬੇ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਜਦੋਂ ਮਹਿਕ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਹਿਕ ਨੇ ਕਿਹਾ, "ਮੈਂ ਅਸ਼ਮਿਤ ਨੂੰ ਛੱਡ ਦਿੱਤਾ ਹੈ। ਮੈਂ ਇਸ ਰਿਸ਼ਤੇ ਤੋਂ ਬਾਹਰ ਹਾਂ।" ਅਸ਼ਮਿਤ ਨੇ ਇਸ ਬਾਰੇ ਕਿਹਾ, "ਇਹ ਸੱਚ ਹੈ ਕਿ ਅਸੀਂ ਹੁਣ ਇਕੱਠੇ ਨਹੀਂ ਹਾਂ। ਮੈਂ ਇਸ ਮੁੱਦੇ 'ਤੇ ਸਾਡੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦਾ ਹਾਂ ਅਤੇ ਅੱਗੇ ਟਿੱਪਣੀ ਨਹੀਂ ਕਰਨਾ ਚਾਹੁੰਦਾ।"