ਹਾਲੀਵੁੱਡ ਤੇ ਬਾਲੀਵੁੱਡ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਇਰਫ਼ਾਨ ਖਾਨ ਦੀ ਮਾਂ ਸਈਦਾ ਬੇਗਮ ਦਾ ਸਨਿੱਚਰਵਾਰ ਨੂੰ ਰਮਜ਼ਾਨ ਦੇ ਪਹਿਲੇ ਦਿਨ ਦੇਹਾਂਤ ਹੋ ਗਿਆ। ਸਈਦਾ ਬੇਗਮ 80 ਸਾਲ ਦੀ ਸੀ ਅਤੇ ਲੰਮੇ ਸਮੇਂ ਤੋਂ ਬਿਮਾਰ ਸਨ। ਇਰਫ਼ਾਨ ਖਾਨ ਦੀ ਮਾਂ ਦੀ ਮ੍ਰਿਤਕ ਦੇਹ ਨੂੰ ਰਾਜਧਾਨੀ ਜੈਪੁਰ ਦੀ ਬੈਨੀਵਾਲ ਕਾਂਟਾ ਕ੍ਰਿਸ਼ਨਾ ਕਾਲੋਨੀ ਸਥਿੱਤ ਉਨ੍ਹਾਂ ਦੇ ਘਰ ਤੋਂ ਚੁੱਕ ਕੇ ਕਬਰਿਸਤਾਨ ਲਿਜਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਇਰਫ਼ਾਨ ਖਾਨ ਸ਼ਾਇਦ ਹੀ ਆਪਣੀ ਮਾਂ ਦੀ ਅੰਤਮ ਯਾਤਰਾ 'ਚ ਸ਼ਾਮਲ ਹੋ ਸਕਣ। ਦੱਸ ਦੇਈਏ ਕਿ ਇਰਫ਼ਾਨ ਖਾਨ ਦੇ ਪਿਤਾ ਯਾਸੀਨ ਖਾਨ ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।
ਇਰਫ਼ਾਨ ਬਾਰੇ ਗੱਲ ਕਰੀਏ ਤਾਂ ਫ਼ਿਲਮਾਂ ਤੋਂ ਪਹਿਲਾਂ ਉਨ੍ਹਾਂ ਨੇ 'ਚੰਦਰਕਾਂਤਾ' ਜਿਹੇ ਕਈ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਸੀ। ਇਰਫ਼ਾਨ ਖਾਨ ਦੀ ਪਹਿਲੀ ਫਿਲਮ 'ਸਲਾਮ ਬੰਬੇ' ਸੀ, ਜਿਸ 'ਚ ਉਨ੍ਹਾਂ ਦਾ ਛੋਟਾ ਜਿਹਾ ਰੋਲ ਸੀ। ਹਾਲਾਂਕਿ ਆਪਣੇ ਸਿਨੇਮਾ ਕਰੀਅਰ ਦੌਰਾਨ, ਇਰਫ਼ਾਨ ਨੇ ਕਈ ਸ਼ਾਨਦਾਰ ਫ਼ਿਲਮਾਂ ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਚ 'ਪਾਨ ਸਿੰਘ ਤੋਮਰ', 'ਦੀ ਲੰਚਬਾਕਸ', 'ਤਲਵਾਰ', 'ਲਾਈਫ ਆਫ ਪਾਈ', 'ਮੁੰਬਈ ਮੇਰੀ ਜਾਨ', 'ਸਾਹਿਬ ਬੀਵੀ ਔਰ ਗੈਂਗਸਟਰ ਰਿਟਰਨਜ਼', 'ਮਕਬੂਲ' ਜਿਹੀਆਂ ਫ਼ਿਲਮਾਂ ਸ਼ਾਮਿਲ ਹਨ।