ਬਾਲੀਵੁੱਡ ਦੀ ਧਮਾਕੇਦਾਰ ਜੋੜੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਕੋਰੋਨਾ ਵਾਇਰਸ ਨਾਲ ਚੱਲ ਰਹੀ ਦੁਨੀਆ ਦੀ ਇਸ ਜੰਗ 'ਚ ਆਪਣਾ ਸਮਰਥਨ ਦਿੱਤਾ ਹੈ। ਦੀਪਿਕਾ ਅਤੇ ਰਣਵੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਆਪਣਾ ਸਮਰਥਨ ਅਤੇ ਦਾਨ ਦੇਣ ਦੀ ਗੱਲ ਕੀਤੀ ਹੈ। ਹਾਲਾਂਕਿ ਜੋੜੇ ਨੇ ਆਪਣਾ ਦਾਨ ਪੂਰੀ ਤਰ੍ਹਾਂ ਗੁਪਤ ਰੱਖਿਆ ਹੈ।
ਆਪਣੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਦਿਆਂ ਰਣਵੀਰ ਸਿੰਘ ਨੇ ਲਿਖਿਆ, "ਅਜੋਕੇ ਹਾਲਾਤਾਂ 'ਚ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਵੀ ਮਹੱਤਵਪੂਰਣ ਹਨ। ਅਸੀਂ ਪੂਰੀ ਨਿਮਰਤਾ ਨਾਲ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਯੋਗਦਾਨ ਪਾਉਣ ਦਾ ਸੰਕਲਪ ਲਿਆ ਹੈ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਵਿੱਚ ਯੋਗਦਾਨ ਪਾਓਗੇ। ਸੰਕਟ ਦੀ ਇਸ ਘੜੀ ਵਿਚ ਅਸੀਂ ਸਾਰੇ ਇਕੱਠੇ ਹਾਂ। ਜੈ ਹਿੰਦ... ਦੀਪਿਕਾ ਅਤੇ ਰਣਵੀਰ।
ਦੱਸ ਦੇਈਏ ਕਿ ਬਾਲੀਵੁੱਡ ਦੇ ਸਿਤਾਰੇ ਲਗਾਤਾਰ ਪ੍ਰਧਾਨ ਮੰਤਰੀ-ਕੇਅਰਜ਼ ਫੰਡ ਵਿੱਚ ਆਪਣਾ ਦਾਨ ਦੇ ਰਹੇ ਹਨ। ਅਕਸ਼ੈ ਕੁਮਾਰ ਨੇ ਇਸ ਫੰਡ 'ਚ 25 ਕਰੋੜ ਦਾ ਦਾਨ ਦਿੱਤਾ ਹੈ, ਜਦਕਿ ਕਾਰਤਿਕ ਆਰੀਅਨ, ਵਿੱਕੀ ਕੌਸ਼ਲ ਵਰਗੇ ਸਿਤਾਰਿਆਂ ਨੇ ਇਸ ਫੰਡ ਵਿੱਚ 1-1 ਕਰੋੜ ਰੁਪਏ ਦਾਨ ਕੀਤੇ ਹਨ। ਇਸ ਦੇ ਨਾਲ ਹੀ ਕਈ ਬਾਲੀਵੁੱਡ ਸਿਤਾਰੇ ਆਪਣੀ ਦਾਨ ਰਾਸ਼ੀ ਦਾ ਐਲਾਨ ਕੀਤੇ ਬਿਨਾਂ ਹੀ ਦਾਨ ਦੇ ਰਹੇ ਹਨ। ਕਰੀਨਾ ਕਪੂਰ-ਸੈਫ ਅਲੀ ਖਾਨ, ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਵਰਗੇ ਕਈ ਸਿਤਾਰੇ ਬਿਨਾਂ ਕੋਈ ਰਕਮ ਦੱਸੇ ਦਾਨ ਦੇ ਚੁੱਕੇ ਹਨ।
ਇਸ ਦੇ ਨਾਲ ਹੀ ਸ਼ਾਹਰੁਖ ਖਾਨ ਨੇ ਨਾ ਸਿਰਫ਼ ਪੈਸੇ, ਸਗੋਂ 7 ਤਰੀਕਿਆਂ ਨਾਲ ਮਦਦ ਕਰਨ ਦਾ ਐਲਾਨ ਕੀਤਾ ਹੈ। ਸ਼ਾਹਰੁਖ ਖਾਨ ਨੇ ਪੀਐਮਈ ਕੇਅਰਜ਼ ਫੰਡ ਵਿੱਚ ਦਾਨ ਦੇਣ ਤੋਂ ਇਲਾਵਾ ਪੀਪੀਈ ਕਿੱਟਾਂ ਦੇਣ, ਲੋਕਾਂ ਨੂੰ ਭੋਜਨ ਦੇਣ ਵਰਗੀਆਂ ਵੱਡੀਆਂ ਘੋਸ਼ਣਾਵਾਂ ਕੀਤੀਆਂ ਹਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਇਸ ਤਰ੍ਹਾਂ ਕੁਲ 70 ਕਰੋੜ ਦਾਨ ਕੀਤੇ ਹਨ। ਹਾਲਾਂਕਿ ਸ਼ਾਹਰੁਖ ਨੇ ਇਸ ਦਾ ਐਲਾਨ ਨਹੀਂ ਕੀਤਾ ਹੈ।