ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਦੀ ਮਾਂ ਅਤੇ ਅਦਾਕਾਰ ਅਕਸ਼ੇ ਕੁਮਾਰ ਦੀ ਨਾਨੀ–ਸੱਸ ਬੈਟੀ ਕਪਾਡੀਆ ਦਾ ਸਨਿੱਚਰਵਾਰ ਦੇਰ ਰਾਤੀਂ ਦੇਹਾਂਤ ਹੋ ਗਿਆ। ਉਹ 80 ਸਾਲਾਂ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਤੇ ਹਿੰਦੂਜਾ ਹਸਪਤਾਲ ’ਚ ਦਾਖ਼ਲ ਸਨ। ਹਾਲੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਆਪਣਾ ਜਨਮ ਦਿਨ ਮਨਾਇਆ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਡਿੰਪਲ ਕਪਾਡੀਆ ਦੀ ਮਾਂ ਬੈਟੀ ਨੂੰ ਸਾਹ ਲੈਣ ਵਿੱਚ ਔਖ ਮਹਿਸੂਸ ਹੋ ਰਹੀ ਸੀ। ਡਿੰਪਲ ਨੇ ਪਹਿਲਾਂ ਆਪਣੀ ਮਾਂ ਦੀ ਤਬੀਅਤ ਬਾਰੇ ਪ੍ਰੈੱਸ ਨੂੰ ਵੀ ਦੱਸਿਆ ਸੀ। ਦਰਅਸਲ, ਡਿੰਪਲ ਕਪਾਡੀਆ ਤੇ ਉਨ੍ਹਾਂ ਦੀ ਧੀ ਟਵਿੰਕਲ ਖੰਨਾ ਨੂੰ ਪਿਛਲੇ ਦਿਨਾਂ ਦੌਰਾਨ ਕਈ ਵਾਰ ਹਸਪਤਾਲ ਜਾਂਦਿਆਂ ਵੇਖਿਆ ਗਿਆ ਸੀ।
ਇਸੇ ਲਈ ਪ੍ਰਸ਼ੰਸਕ ਇਹੋ ਅਨੁਮਾਨ ਲਾ ਰਹੇ ਸਨ ਕਿ ਸ਼ਾਇਦ ਡਿੰਪਲ ਕਪਾਡੀਆ ਦੀ ਤਬੀਅਤ ਖ਼ਰਾਬ ਹੈ ਪਰ ਡਿੰਪਲ ਕਪਾਡੀਆ ਨੇ ਆਪਣੀ ਮਾਂ ਦੀ ਤਬੀਅਤ ਖ਼ਰਾਬ ਹੋਣ ਦੀ ਗੱਲ ਕੀਤੀ ਸੀ।
ਤਦ IANS ਨਾਲ ਗੱਲਬਾਤ ਦੌਰਾਨ ਡਿੰਪਲ ਕਪਾਡੀਆ ਨੇ ਕਿਹਾ ਸੀ ਕਿ ਉਹ ਤਾਂ ਬਿਲਕੁਲ ਠੀਕ ਹਨ ਤੇ ਮਜ਼ੇਦਾਰ ਜ਼ਿੰਦਗੀ ਜਿਉਂ ਰਹੇ ਹਨ। ‘ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਸੀ, ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਮੈਂ ਇਸ ਬਾਰੇ ਕੋਈ ਬਹੁਤੀ ਗੱਲ ਨਹੀਂ ਕਰਨਾ ਚਾਹੁੰਦੀ। ਉਹ ਹੁਣ ਠੀਕਠਾਕ ਹਨ। ਪਹਿਲਾਂ ਤੋਂ ਕਾਫ਼ੀ ਬਿਹਤਰ। ਮੈਨੂੰ ਪ੍ਰਾਰਥਨਾਵਾਂ ਤੇ ਸ਼ੁਭ–ਕਾਮਨਾਵਾਂ ਦੀ ਜ਼ਰੂਰਤ ਹੈ।’
ਨਾਨੀ ਬੈਟੀ ਕਪਾਡੀਆ ਦੀ ਮੌਤ ਤੋਂ ਬਾਅਦ ਟਵਿੰਕਲ ਖੰਨਾ ਤੇ ਅਕਸ਼ੇ ਕੁਮਾਰ ਤੋਂ ਇਲਾਵਾ ਕਰਨ ਤੇ ਬਾਕੀ ਪਰਿਵਾਰਕ ਮੈਂਬਰ ਉਨ੍ਹਾਂ ਦੇ ਆਖ਼ਰੀ ਦਰਸ਼ਨਾਂ ਲਈ ਹਸਪਤਾਲ ਪੁੱਜੇ।
ਟਵਿੰਕਲ ਖੰਨਾ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਆਪਣੀ ਨਾਨੀ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸਨ। ਤਦ ਸਾਰਾ ਪਰਿਵਾਰ ਸ਼ਿਲਿਮ ਵਿਖੇ ਸਥਿਤ ਹਿਲਟਨ ਰਿਜ਼ੌਰਟਸ ਤੇ ਸਪਾਅ ਗਏ ਸਨ। ਉਨ੍ਹਾਂ ਤਸਵੀਰਾਂ ’ਚ ਟਵਿੰਕਲ, ਅਕਸ਼ੇ ਕੁਮਾਰ, ਕਰਨ ਕਪਾਡੀਆ ਸਮੇਤ ਸਮੁੱਚਾ ਪਰਿਵਾਰ ਵਿਖਾਈ ਦਿੱਤਾ ਸੀ।