ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹੀਂ ਰਹੇ ਫਿ਼ਲਮਸਾਜ਼ ਮ੍ਰਿਣਾਲ ਸੇਨ, ਮਿਥੁਨ ਚੱਕਰਵਰਤੀ ਨੂੰ ਕੀਤਾ ਸੀ ਲਾਂਚ

ਨਹੀਂ ਰਹੇ ਫਿ਼ਲਮਸਾਜ਼ ਮ੍ਰਿਣਾਲ ਸੇਨ, ਮਿਥੁਨ ਚੱਕਰਵਰਤੀ ਨੂੰ ਕੀਤਾ ਸੀ ਲਾਂਚ

ਬਾਂਗਲਾ ਫਿ਼ਲਮਾਂ ਦੇ ਮਸ਼ਹੂਰ ਨਿਰਮਾਤਾ ਤੇ ਨਿਰਦੇਸ਼ਕ ਮ੍ਰਿਣਾਲ ਸੇਨ ਦਾ ਦੇਹਾਂਤ ਹੋ ਗਿਆ ਹੈ। ਉਹ 95 ਵਰ੍ਹਿਆਂ ਦੇ ਸਨ। ਸਾਲ 2005 ਦੌਰਾਨ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਵਿਭੂਸ਼ਨ` ਅਤੇ ਉਸੇ ਵਰ੍ਹੇ ‘ਦਾਦਾ ਸਾਹਿਬ ਫ਼ਾਲਕੇ` ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਸਾਲ 1955 `ਚ ਮ੍ਰਿਣਾਲ ਸੇਨ ਨੇ ਆਪਣੀ ਪਹਿਲੀ ਫ਼ੀਚਰ ਫਿ਼ਲਮ ‘ਰਾਤਭੋਰ` ਬਣਾਈ ਸੀ। ਉਨ੍ਹਾਂ ਦੀ ਅਗਲੀ ਫਿ਼ਲਮ ‘ਨੀਲ ਆਕਾਸ਼ੇਰ ਨੀਚੇ` ਨੇ ਉਨ੍ਹਾਂ ਨੂੰ ਬਾਂਗਲਾ ਫਿ਼ਲਮਾਂ ਵਿੱਚ ਇੱਕ ਨਿਵੇਕਲੀ ਪਛਾਣ ਦਿੱਤੀ ਸੀ। ਉਨ੍ਹਾਂ ਦੀ ਤੀਜੀ ਫਿ਼ਲਮ ‘ਬ੍ਰਾਈਸ਼ੇ ਸ਼੍ਰਾਵਣ` ਨੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੀ ਪ੍ਰਸਿੱਧੀ ਦਿਵਾ ਦਿੱਤੀ ਸੀ। ਉਨ੍ਹਾਂ ਦੀਆਂ ਜਿ਼ਆਦਾਤਰ ਫਿ਼ਲਮਾਂ ਬਾਂਗਲਾ ਭਾਸ਼ਾ `ਚ ਹਨ। ਮ੍ਰਿਣਾਲ ਸੇਨ ਨੇ ਹੀ ਪ੍ਰਸਿੱਧ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਫਿ਼ਲਮਾਂ `ਚ ਲਾਂਚ ਕੀਤਾ ਸੀ। ਮਿਥੁਨ ਚੱਕਰਵਰਤੀ ਖ਼ੁਦ ਵੀ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਹਨ।


ਮ੍ਰਿਣਾਲ ਸੇਨ ਦਾ ਜਨਮ 14 ਮਈ, 1923 `ਚ ਫ਼ਰੀਦਪੁਰ (ਹੁਣ ਬਾਂਗਲਾ ਦੇਸ਼ `ਚ) ਨਾਂਅ ਦੇ ਸ਼ਹਿਰ ਵਿੱਚ ਹੋਇਆ ਸੀ। ਹਾਈ ਸਕੂਲ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਸ਼ਹਿਰ ਛੱਡ ਦਿੱਤਾ ਤੇ ਕੋਲਕਾਤਾ `ਚ ਪੜ੍ਹਨ ਲਈ ਆ ਗਏ। ਉਹ ਫਿ਼ਜਿ਼ਕਸ ਦੇ ਵਿਦਿਆਰਥੀ ਸਨ ਤੇ ਉਨ੍ਹਾਂ ਆਪਣੀ ਪੜ੍ਹਾਈ ਸਕੌਟਿਸ਼ ਚਰਚ ਕਾਲਜ ਤੇ ਕਲਕੱਤਾ ਯੂਨੀਵਰਸਿਟੀ ਤੋਂ ਮੁਕੰਮਲ ਕੀਤੀ ਸੀ।


ਆਪਣੇ ਵਿਦਿਆਰਥੀ ਜੀਵਨ `ਚ ਹੀ ਉਹ ਕਮਿਊਨਿਸਟ ਪਾਰਟੀ ਦੇ ਸਭਿਆਚਾਰਕ ਵਿਭਾਗ ਨਾਲ ਜੁੜ ਗਏ ਸਨ। ਵੁਹ ਕਦੇ ਇਸ ਪਾਰਟੀ ਦੇ ਮੈਂਬਰ ਨਹੀਂ ਰਹੇ ਪਰ ‘ਇਪਟਾ` ਨਾਲ ਜੁੜੇ ਹੋਣ ਕਾਰਨ ਉਹ ਅਨੇਕ ਹਮ-ਖਿ਼ਆਲ ਸਭਿਆਚਾਰਕ ਦਿਲਚਸਪੀ ਵਾਲੀਆਂ ਸ਼ਖ਼ਸੀਅਤਾਂ ਦੇ ਸੰਪਰਕ ਵਿੱਚ ਆਏ। ਸਾਲ 1998 ਤੋਂ 2003 ਤੱਕ ਉਹ ਕਮਿਊਨਿਸਟ ਪਾਰਟੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਵੀ ਹੋਏ।


ਪੰਜ ਹੋਰ ਫਿ਼ਲਮਾਂ ਬਣਾਉਣ ਤੋਂ ਬਾਅਦ ਮ੍ਰਿਣਾਲ ਸੇਨ ਨੇ ਭਾਰਤ ਸਰਕਾਰ ਦੀ ਥੋੜ੍ਹੀ ਜਿਹੀ ਸਹਾਇਤਾ-ਰਾਸ਼ੀ ਨਾਲ ਫਿ਼ਲਮ ‘ਭੁਵਨ ਸ਼ੋਮ` ਬਣਾਈ ਸੀ, ਜਿਸ ਨੇ ਉਨ੍ਹਾਂ ਨੂੰ ਵੱਡੇ ਫਿ਼ਲਮਸਾਜ਼ਾਂ ਦੇ ਵਰਗ ਵਿੱਚ ਲਿਆ ਖੜ੍ਹਾ ਕੀਤਾ ਸੀ। ਉਨ੍ਹਾਂ ਨੂੰ ਇਸ ਫਿ਼ਲਮ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਮਿਲੀ ਸੀ।


ਫਿ਼ਲਮ ‘ਭੁਵਨ ਸ਼ੋਮ` ਨੇ ਭਾਰਤੀ ਫਿ਼ਲਮੀ ਦੁਨੀਆ ਵਿੱਚ ਇੱਕ ਇਨਕਲਾਬ ਲਿਆਂਦਾ ਸੀ ਤੇ ਘੱਟ ਬਜਟ ਦੀਆਂ ਯਥਾਰਥਵਾਦੀ ਫਿ਼ਲਮਾਂ ਦਾ ਨਵਾਂ ਸਿਨੇਮਾ ਜਾਂ ਸਮਾਨਾਂਤਰ ਸਿਨੇਮਾ ਦਾ ਜੁੱਗ ਸ਼ੁਰੂ ਹੋਇਆ ਸੀ। ਮ੍ਰਿਣਾਲ ਦਾ ਨੇ 80 ਸਾਲਾਂ ਦੀ ਉਮਰ `ਚ ਸਾਲ 2002 ਦੌਰਾਲ ਆਪਣੀ ਆਖ਼ਰੀ ਫਿ਼ਲਮ ‘ਆਮਾਰ ਭੁਵਨ` ਬਣਾਈ ਸੀ।


ਸਾਲ 2000 `ਚ ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ‘ਆਰਡਰ ਆਫ਼ ਫ਼ਰੈਂਡਸਿ਼ਪ` ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਇਸ ਤੋਂ ਇਲਾਵਾ ਫ਼ਰਾਂਸ ਸਰਕਾਰ ਨੇ ਉਨ੍ਹਾਂ ਨੂੰ ‘ਕਮਾਂਡਰ ਆਫ਼ ਦਿ ਆਰਟ ਐਂਡਲੈਟਰਜ਼` ਦਾ ਖਿ਼ਤਾਬ ਦਿੱਤਾ ਸੀ। ਰੂਸੀ ਸਰਕਾਰ ਨੇ ਉਨ੍ਹਾਂਾ ਨੂੰ ‘ਆਰਡਰ ਆਫ਼ ਫ਼ਰੈਂਡਸਿ਼ਪ` ਨਾਲ ਸਨਮਾਨਿਤ ਕੀਤਾ ਸੀ। ਸਾਹਿਤ ਲਈ ਨੋਬਲ ਪੁਰਸਕਾਰ ਜੇਤੂ ਲੇਖਕ ਗੈਬਰੀਅਲ ਗਾਰਸੀਆ ਮਾਰਖੇਜ ਉਨ੍ਹਾਂ ਦੇ ਖ਼ਾਸ ਦੋਸਤਾਂ `ਚ ਸ਼ਾਮਲ ਰਹੇ ਹਨ।


ਮ੍ਰਿਣਾਲ ਸੇਨ ਨੇ ਕਈ ਕੌਮਾਂਤਰੀ ਫਿ਼ਲਮ ਮੁਕਾਬਲਿਆਂ `ਚ ਜੱਜ ਦੀ ਭੂਮਿਕਾ ਨਿਭਾਈ ਸੀ। ਫ਼ਰਾਂਸ ਨੂੰ ਉਹ ਆਪਣਾ ਦੂਜਾ ਘਰ ਦੱਸਦੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Film Producer Director Mrinal Sen no more