ਅਕਸ਼ੇ ਕੁਮਾਰ, ਕਰੀਨਾ ਕਪੂਰ ਖ਼ਾਨ, ਕਿਆਰਾ ਅਡਵਾਨੀ ਤੇ ਦਿਲਜੀਤ ਦੋਸਾਂਝ ਦੀ ਫ਼ਿਲਮ ‘ਗੁੱਡ ਨਿਊਜ਼’ ਕੱਲ੍ਹ ਰਿਲੀਜ਼ ਹੋ ਗਈ ਹੈ ਤੇ ਦਰਸ਼ਕਾਂ ਦੇ ਨਾਲ–ਨਾਲ ਆਲੋਚਕ ਵੀ ਇਸ ਨੂੰ ਵਧੀਆ ਹੁੰਗਾਰਾ ਦੇ ਰਹੇ ਹਨ।
ਇਸ ਫ਼ਿਲਮ ਨੇ ਰਿਲੀਜ਼ ਹੁੰਦਿਆਂ ਹੀ ਬਾਕਸ ਆੱਫ਼ਿਸ ’ਤੇ ਤਹਿਲਕਾ ਮਚਾ ਦਿੱਤਾ ਹੈ। ਪਹਿਲੇ ਦਿਨ ਅਕਸ਼ੇ ਕੁਮਾਰ ਦੀ ਇਸ ਫ਼ਿਲਮ ਨੇ 18 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਕਮਾਈ ਦੇ ਮਾਮਲੇ ’ਚ ਅਕਸ਼ੇ ਕੁਮਾਰ ਨੇ ਸਲਮਾਨ ਖ਼ਾਨ ਦੀ ‘ਦਬੰਗ 3’ ਨੂੰ ਸਖ਼ਤ ਟੱਕਰ ਦਿੱਤੀ ਹੈ। ਇੱਥੇ ਵਰਨਣਯੋਗ ਹੈ ਇਹ ਫ਼ਿਲਮ ਭਰਪੂਰ ਮਨੋਰੰਜਨ ਕਰਦੀ ਹੈ। ਤੁਹਾਨੂੰ ਕਿਤੇ ਵੀ ਨਹੀਂ ਲੱਗੇਗਾ ਕਿ ਤੁਸੀਂ ਅਕਾਊ ਮਹਿਸੂਸ ਕਰ ਰਹੇ ਹੋ।
ਇਸ ਫ਼ਿਲਮ ਵਿੱਚ ਤਰੁਣ ਬਤਰਾ (ਅਕਸ਼ੇ ਕੁਮਾਰ) ਅਤੇ ਦੀਪਤੀ ਬਤਰਾ (ਕਰੀਨਾ ਕਪੂਰ) ਮੁੰਬਈ ਦਾ ਇੱਕ ਉੱਪਰਲੇ ਮੱਧ ਵਰਗ ਦਾ ਜੋੜਾ ਹੈ। ਉਹ ਵਿਆਹ ਦੇ ਸੱਤ ਸਾਲਾਂ ਬਾਅਦ ਵੀ ਮਾਂ–ਪਿਓ ਬਣਨ ਦੀ ਜੱਦੋ–ਜਹਿਦ ਵਿੱਚ ਫਸੇ ਹੋਏ ਹਨ।
ਦੀਪਤੀ ਬਤਰਾ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫ਼ੀ ਫ਼ਿਕਰਮੰਦ ਹੁੰਦੀ ਹੈ ਤੇ ਇਸ ਲਈ ਹਰ ਤਰ੍ਹਾਂ ਦਾ ਉਪਰਾਲਾ ਵੀ ਕਰਦੀ ਹੈ ਪਰ ਉਸ ਨੂੰ ਹਾਸਲ ਕੁਝ ਨਹੀਂ ਹੁੰਦਾ।
ਤਦ ਇਹ ਜੋੜੀ ਬੱਚੇ ਲਈ ਆਈਵੀਐੱਫ਼ ਭਾਵ ਟੈਸਟ–ਟਿਊਬ ਤਕਨੀਕ ਅਜ਼ਮਾਉਣ ਬਾਰੇ ਵਿਚਾਰ ਕਰਦੀ ਹੈ। ਉੱਧਰ ਹਨੀ ਬਤਰਾ (ਦਿਲਜੀਤ ਦੋਸਾਂਝ) ਤੇ ਮੋਨਿਕਾ ਬਤਰਾ (ਕਿਆਰਾ ਅਡਵਾਨੀ) ਹੁੰਦੇ ਹਨ। ਚੰਡੀਗੜ੍ਹ ਦੀ ਇਹ ਜੋੜੀ ਵੀ ਪ੍ਰੈਗਨੈਂਸੀ ਨੂੰ ਲੈ ਕੇ ਪਰੇਸ਼ਾਨ ਹਨ।
ਉਨ੍ਹਾਂ ਸਭ ਨੂੰ ਆਈਵੀਐੱਫ਼ ਬਾਰੇ ਪਤਾ ਚੱਲਦਾ ਹੈ ਤੇ ਉਹ ਉਸ ਨੂੰ ਅਪਣਾ ਲੈਂਦੇ ਹਨ। ਇਸ ਤੋਂ ਬਾਅਦ ਸਮੱਸਿਆਵਾਂ ਦਾ ਦੌਰ ਸ਼ੁਰੂ ਹੁੰਦਾ ਹੈ। ਅਗਲੀ ਕਹਾਣੀ ਜਾਣ ਲਈ ਤੁਸੀਂ ਥੀਏਟਰ ’ਚ ਜਾ ਕੇ ਇਹ ਫ਼ਿਲਮ ਵੇਖ ਸਕਦੇ ਹੋ।