ਬਾਲੀਵੁੱਡ ਚ ਆਪਣੀ ਜ਼ਬਰਦਸਤ ਅਦਾਕਾਰੀ ਅਤੇ ਡਾਇਲਾਗ ਡਿਲਵਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਮੰਨ ਪ੍ਰਮੰਨੇ ਅਦਾਕਾਰ ਕਾਦਰ ਖ਼ਾਨ ਅੱਜ ਸਵੇਰੇ ਜਿ਼ੰਦਗੀ ਅਤੇ ਮੌਤ ਦੀ ਜੰਗ ਹਾਰ ਗਏ। ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। 81 ਸਾਲਾ ਕਾਦਰ ਖ਼ਾਨ ਦਾ ਦਿਹਾਂਤ ਕਨੇਡਾ ਇੱਕ ਹਸਪਤਾਲ ਵਿਖੇ ਸਵੇਰੇ ਲਗਭਗ 6:30 ਵਜੇ ਹੋਇਆ।
ਕਾਦਰ ਖ਼ਾਨ ਦਾ ਜਨਮ 22 ਅਕਤੂਬਰ 1937 ਚ ਅਫ਼ਗਾਨਿਸਤਾਨ ਦੇ ਕਾਬੁਲ ਚ ਹੋਇਆ ਸੀ। ਉਨ੍ਹਾਂ ਪਿਤਾ ਦੇ ਅਬਦੁੱਲ ਰਹਿਮਾਨ ਅਫ਼ਗਾਨਿਸਤਾਨ ਦੇ ਕੰਧਾਰ ਦੇ ਬਸਿ਼ੰਦੇ ਸਨ ਤੇ ਮਾਂ ਇੱਕਬਾਲ ਬੇਗਮ ਪਾਕਿਸਤਾਨ ਦੇ ਬਲੂਚਿਸਤਾਨ ਦੀ ਰਹਿਣ ਵਾਲੀ ਸਨ। ਉਨ੍ਹਾਂ ਦਾ ਬਚਪਨ ਬੇਹੱਦ ਗਰੀਬੀ ਨਾਲ ਲੰਘਿਆ ਸੀ। ਕਾਦਰ ਖ਼ਾਨ ਦੇ ਤਿੰਨ ਭਰਾ ਸਨ। ਕਾਦਰ ਖ਼ਾਨ ਨੇ ਆਪਦੀ ਪੜ੍ਹਾਈ ਦੀ ਸ਼ੁਰੂਆਤ ਇੱਕ ਮਿਊਂਸੀਪਲ ਸਕੂਲ ਨਾਲ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸਮਾਈਲ ਯੂਸੂਫ਼ ਕਾਲਜ ਤੋਂ ਆਪਣੀ ਗ੍ਰੇਜੂਏਸ਼ਨ ਪੂਰੀ ਕੀਤੀ।
ਇੱਕ ਇੰਟਰਵੀਊ ਚ ਕਾਦਰ ਖ਼ਾਨ ਨੇ ਆਪਣੀ ਹੱਡਬੀਤੀ ਸੁਣਾਉ਼ਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਪੜਾਉਣ ਲਈ ਮਸਜਿਦ ਭੇਜਿਆ ਕਰਦੀ ਸੀ। ਕਾਦਰ ਖ਼ਾਨ ਮਸਜਿਦ ਤੋਂ ਭੱਜ ਕੇ ਕਬਰਿਸਤਾਨ ਤੁਰ ਜਾਂਦੇ ਸਨ। ਉੱਥੇ ਜਾ ਕੇ ਉਹ ਕਈ ਘੰਟਿਆਂ ਤੱਕ ਚੀਕਾਂ ਮਾਰਦੇ ਸਨ।
ਕਾਦਰ ਨੇ ਇੰਜੀਨੀਅਰ ਚ ਵੀ ਡਿਪਲੋਮਾ ਕੀਤਾ ਹੋਇਆ ਸੀ। ਫਿ਼ਲਮ ਜਗਤ ਚ ਆਉਣ ਤੋਂ ਪਹਿਲਾਂ ਕਾਦਰ ਖ਼ਾਨ ਇੱਕ ਕਾਲਜ ਵਿਚ ਲੈਕਚਰਾਰ ਸਨ। ਉਨ੍ਹਾਂ ਦੀ ਪਤਨੀ ਦਾ ਨਾਂ ਅਜਰਾ ਖ਼ਾਨ ਸੀ। ਉਨ੍ਹਾਂ ਦੇ ਤਿੰਨ ਬੇਟੇ ਸਰਫਰਾਜ਼ ਖ਼ਾਨ, ਕੁਦੁਸ ਖ਼ਾਨ ਅਤੇ ਸ਼ਾਹਨਵਾਜ਼ ਖ਼ਾਨ ਹਨ। ਇਨ੍ਹਾਂ ਚ ਇੱਕ ਬੇਟੇ ਕੋਲ ਹੀ ਕਾਦਰ ਖ਼ਾਨ ਰਹਿੰਦੇ ਸਨ। ਇਨ੍ਹਾਂ ਚੋਂ ਇੱਕ ਬੇਟਾ ਸਰਫਰਾਜ਼ ਖ਼ਾਨ ਬਾਲੀਵੁੱਡ ਚ ਅਦਾਕਾਰ ਹੈ।
ਕਾਦਰ ਖ਼ਾਨ ਦੀ ਇਹ ਗੱਲ ਕਿਸੇ ਨੇ ਰੋਟੀ ਫਿ਼ਲਮ ਦੇ ਮਸ਼ਹੂਰ ਅਦਾਕਾਰ ਅਸ਼ਰਫ ਖ਼ਾਨ ਨੂੰ ਦੱਸੀ ਕਿ ਇੱਕ ਲੜਕਾ ਕਬਰਿਸਤਾਨ ਚ ਬੈਠ ਕੇ ਚੀਕਾਂ ਮਾਰਦਾ ਹੈ। ਅਸ਼ਰਫ਼ ਖ਼ਾਨ ਨੂੰ ਇੱਕ ਨਾਟਕ ਲਈ ਅਜਿਹੇ ਹੀ ਲੜਕੇ ਦੀ ਲੋੜ ਸੀ। ਕਾਦਰ ਖ਼ਾਨ ਇਸ ਤੋਂ ਬਾਅਦ ਨਾਟਕਾਂ ਚ ਹਿੱਸਾ ਲੈਣ ਲੱਗ ਪਏ। ਇੱਕ ਨਾਟਕ ਚ ਦਿਲੀਪ ਕੁਮਾਰ ਦੀ ਨਜ਼ਰ ਕਾਦਰ ਖ਼ਾਨ ਤੇ ਪਈ। ਦਿਲੀਪ ਕੁਮਾਰ ਨੇ ਉਨ੍ਹਾਂ ਨੂੰ ਆਪਣੀ ਫਿ਼ਲਮ ਸਗੀਨਾ ਲਈ ਸਾਈਨ ਕਰ ਲਿਆ। ਕਾਦਰ ਖ਼ਾਨ ਨੇ ਆਪਣੇ ਫਿ਼ਲਮੀ ਕਰਿਅਰ ਦੀ ਸ਼ੁਰੂਆਤ 1974 ਚ ਰਿਲੀਜ਼ ਹੋਈ ਫਿ਼ਲਮ ਸਗੀਨਾ ਨਾਲ ਕੀਤੀ ਸੀ। ਜਿਸ ਤੋਂ ਬਾਅਦ ਕਾਦਰ ਖ਼ਾਨ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇਸ ਤੋਂ ਬਾਅਦ ਲਗਾਤਾਰ ਹਿੱਟ ਫਿ਼ਲਮਾਂ ਦਿੰਦੇ ਰਹੇ।
ਕਾਦਰ ਖ਼ਾਨ ਨੇ ਫਿ਼ਲਮ ਧਰਮਵੀਰ, ਗੰਗਾ ਜਮੁਨਾ ਸਰਸਵਤੀ, ਕੂਲੀ, ਦੇਸ਼ ਪ੍ਰੇਮ, ਸੁਹਾਗ, ਅਮਰ ਅਕਬਰ ਐਂਥਨੀ ਅਤੇ ਮੇਹਰਾ ਨਾਲ ਜਵਾਲਾਮੁਖੀ, ਸ਼ਰਾਬੀ, ਲਾਵਾਰਿਸ ਅਤੇ ਮੁਕੱਦਰ ਦਾ ਸਿਕੰਦਰ ਵਰਗੀਆਂ ਫਿ਼ਲਮਾਂ ਲਿਖੀਆਂ। ਖ਼ਾਨ ਨੇ ਕੂਲੀ ਨੰਬਰ 1, ਮੈਂ ਖਿਲਾੜੀ ਤੂੰ ਅਨਾੜੀ, ਕਰਮਾ, ਸਲਤਨਤ ਵਰਗੀਆਂ ਫਿ਼ਲਮਾਂ ਦੇ ਡਾਇਲਾਗ ਲਿਖੇ। ਉਨ੍ਹਾਂ ਨੇ ਲਗਭਗ 300 ਫਿ਼ਲਮਾਂ ਚ ਕੰਮ ਕੀਤਾ ਜਦਕਿ 250 ਫਿ਼ਲਮਾਂ ਦੇ ਡਾਇਲਾਗ ਲਿਖੇ।
ਕਾਦਰ ਖ਼ਾਨ ਨੇ ਸਭ ਤੋਂ ਜਿ਼ਆਦਾ ਚਰਚਿਤ ਫਿ਼ਲਮਾਂ ਚ ਅਦਾਕਾਰ ਗੋਵਿੰਦਾ, ਸ਼ਕਤੀ ਕਪੂਰ ਤੇ ਡਾਇਰੈਕਟਰ ਡੇਵਿਡ ਧਵਨ ਨਾਲ ਕੰਮ ਕੀਤਾ।
/