ਅਨੂ ਮਲਿਕ ਨੇ ਕੁੱਝ ਦਿਨ ਪਹਿਲਾਂ ਹੀ ਇੰਡੀਅਨ ਆਈਡਲ ਸ਼ੋਅ ਛੱਡਿਆ ਹੈ। ਦਰਅਸਲ ਅਨੂ ਮਲਿਕ ਦੇ ਸ਼ੋਅ 'ਤੇ ਹੋਣ ਕਾਰਨ ਕਾਫੀ ਵਿਵਾਦ ਹੋ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਸ਼ੋਅ ਛੱਡਣਾ ਪਿਆ ਅਤੇ ਹੁਣ ਖਬਰ ਆ ਰਹੀ ਹੈ ਕਿ ਅਨੂ ਮਲਿਕ ਦੀ ਥਾਂ ਹਿਮੇਸ਼ ਰੇਸ਼ਮਿਆ ਨਵੇਂ ਜੱਜ ਹੋਣਗੇ। ਹਿਮੇਸ਼ ਹੁਣ ਵਿਸ਼ਾਲ ਦਦਲਾਨੀ ਅਤੇ ਨੇਹਾ ਕੱਕੜ ਨਾਲ ਸ਼ੋਅ ਨੂੰ ਜੱਜ ਕਰਨਗੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੀਟੂ ਰਾਹੀਂ ਕਈ ਔਰਤਾਂ ਨੇ ਅਨੂ ਮਲਿਕ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਉਸ ਸਮੇਂ ਵੀ ਅਨੂ ਮਲਿਕ ਨੇ ਸ਼ੋਅ ਛੱਡਿਆ ਸੀ ਪਰ ਫਿਰ ਜਦੋਂ ਉਹ ਇਸ ਸੀਜਨ 'ਚ ਬਤੌਰ ਜੱਜ ਆਏ ਤਾਂ ਸਿੰਗਰ ਸੋਨਾ ਮੋਹਪਾਤਰਾ ਨੇ ਉਨ੍ਹਾਂ ਵਿਰੁੱਧ ਆਵਾਜ਼ ਚੁੱਕੀ। ਸੋਨਾ ਦਾ ਸਮਰਥਨ ਕਰਿਦਆਂ ਕਈ ਲੋਕਾਂ ਨੇ ਅਨੂ ਮਲਿਕ ਨੂੰ ਸ਼ੋਅ 'ਚੋਂ ਕੱਢਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਅਨੂ ਸ਼ੋਅ ਤੋਂ ਬਾਹਰ ਹੋ ਗਏ।

ਕੁਝ ਦਿਨ ਪਹਿਲਾਂ ਅਨੂ ਮਲਿਕ ਨੇ ਇਕ ਓਵਨ ਲੈਟਰ ਲਿਖਿਆ ਸੀ। ਉਨ੍ਹਾਂ ਨੇ ਖੁਦ 'ਤੇ ਲੱਗੇ ਦੋਸ਼ਾਂ 'ਤੇ ਆਪਣੀ ਗੱਲ ਰਖੀ ਸੀ। ਉਨ੍ਹਾਂ ਕਿਹਾ ਸੀ, "ਮੇਰੇ 'ਤੇ ਜਿਹੜੇ ਝੂਠੇ ਦੋਸ਼ ਲਗਾਏ ਗਏ ਹਨ ਉਸ ਨਾਲ ਨਾ ਸਿਰਫ ਮੇਰੀ ਇਮੇਜ ਪ੍ਰਭਾਵਿਤ ਹੋਈ ਸਗੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ। ਇਸ ਨੇ ਮੇਰੇ ਕਰੀਅਰ 'ਤੇ ਦਾਗ ਲਗਾ ਦਿੱਤਾ। ਮੈਨੂੰ ਘੁਟਣ ਮਹਿਸੂਸ ਹੋ ਰਹੀ ਹੈ। ਮੈਨੂੰ ਅਹਿਸਾਸ ਹੋਇਆ ਕਿ ਮੇਰੀ ਚੁੱਪੀ ਨੂੰ ਮੇਰੀ ਕਮਜੋਰੀ ਸਮਝਿਆ ਜਾ ਰਿਹਾ ਹੈ।"