ਬਾਲੀਵੁੱਡ ਅਦਾਕਾਰ ਨਵਾਜ਼ੁੱਦੀਨ ਸਿੱਦੀਕੀ ਮੁੰਬਈ ਤੋਂ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਬੁਢਾਨਾ ਸਥਿਤ ਆਪਣੇ ਘਰ ਪੁੱਜ ਚੁੱਕੇ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ 14 ਦਿਨਾਂ ਲਈ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਅਦਾਕਾਰ ਨਵਾਜ਼ੁੱਦੀਨ ਸਿੱਦੀਕੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਗਈ, ਜਿਸ ਵਿੱਚ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਮਹਾਰਾਸ਼ਟਰ ਸਰਕਾਰ ਤੋਂ ਪ੍ਰਵਾਨਗੀ ਲੈਣ ਤੋਂ ਬਾਅਦ ਨਵਾਜ਼ੁੱਦੀਨ ਸਿੱਦੀਕੀ 15 ਮਈ ਨੂੰ ਆਪਣੇ ਘਰ ਪੁੱਜੇ ਹਨ। ਇੱਥੇ ਉਨ੍ਹਾਂ ਨੂੰ ਆਪਣੇ ਪਰਿਵਾਰ ਸਮੇਤ 25 ਮਈ ਤੱਕ ਕੁਆਰੰਟੀਨ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਮੁੰਬਈ ਤੋਂ ਬੁਢਾਨਾ ਤੱਕ ਨਵਾਜ਼ੁੱਦੀਨ ਸਿੱਦੀਕੀ ਆਪਣੀ ਖੁਦ ਦੀ ਗੱਡੀ ’ਚ ਹੀ ਆਪਣੇ ਪਿੰਡ ਪੁੱਜੇ ਹਨ। ਇਸ ਯਾਤਰਾ ਦੌਰਾਨ ਉਨ੍ਹਾਂ ਦੀ ਮਾਂ, ਭਰਜਾਈ ਤੇ ਭਰਾ ਵੀ ਮੌਜੂਦ ਸਨ।
ਨਵਾਜ਼ੁੱਦੀਨ ਸਿੱਦੀਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਪਣੇ ਇਸ ਸਫ਼ਰ ਦੌਰਾਨ ਉਹ ਸੜਕ ਉੱਤੇ 25 ਥਾਵਾਂ ਉੱਤੇ ਮੈਡੀਕਲ ਸਕ੍ਰੀਨਿੰਗ ਵਿੱਚੋਂ ਦੀ ਹੋ ਕੇ ਲੰਘੇ ਹਨ। ਬੁਢਾਨਾ ਪੁਲਿਸ ਸਰਕਲ ਦੇ ਸਟੇਸ਼ਨ ਹਾਊਸ ਆਫ਼ੀਸਰ (SHO) ਕੁਸ਼ਲਪਾਲ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਅਦਾਕਾਰ ਨਵਾਜ਼ੁੱਦੀਨ ਸਿੱਦੀਕੀ ਦੇ ਘਰ ਦਾ ਦੌਰਾ ਕੀਤਾ ਤੇ ਉਨ੍ਹਾ ਨੂੰ 14 ਦਿਨਾਂ ਲਈ ਕੁਆਰੰਟੀਨ ’ਚ ਰਹਿਣ ਲਈ ਕਿਹਾ।
ਨਵਾਜ਼ੁੱਦੀਨ ਸਿੱਦੀਕੀ ਦੇ ਵਰਕ–ਫਰੰਟ ਦੀ ਗੱਲ ਕਰੀਏ, ਤਾਂ 22 ਮਈ ਨੂੰ ਜੀ–5 ਉੱਤੇ ਧੂਮਕੇਤੂ ਵਿੱਚ ਨਜ਼ਰ ਆਉਣਗੇ। ਪੁਸ਼ਪੇਂਦਰ ਨਾਥ ਮਿਸ਼ਰਾ ਦੀ ਹਦਾਇਤਕਾਰੀ ਵਿੱਚ ਬਣ ਰਹੀ ਇਸ ਫ਼ਿਲਮ ਵਿੱਚ ਫ਼ਿਲਮਸਾਜ਼ ਅਨੁਰਾਗ ਕਸ਼ਯਪ ਤੇ ਕਲਾਕਾਰ ਇਲਾ ਅਰੁਣ, ਰਘੁਵੀਰ ਯਾਦਵ, ਰਾਗਿਨੀ ਖੰਨਾ ਤੇ ਸਵਾਨੰਦ ਕਿਰਕਿਰੇ ਵੀ ਵਿਖਾਈ ਦੇਣਗੇ।
ਇਸ ਕਾਮੇਡੀ–ਡਰਾਮਾ ਵਿੱਚ ਅਮਿਤਾਭ ਬੱਚਨ, ਰਣਵੀਰ ਸਿੰਘ, ਸੋਨਾਕਸ਼ੀ ਸਿਨਹਾ, ਚਿਤਰਾਂਗਦਾ ਸਿੰਘ ਅਤੇ ਫ਼ਿਲਮਸਾਜ਼ ਨਿਖਿਲ ਅਡਵਾਨੀ ਵੀ ਸਵਿਸ਼ੇਸ਼ ਭੂਮਿਕਾ ’ਚ ਵਿਖਾਈ ਦੇਣਗੇ।