[ ਲੜੀ ਜੋੜਨ ਲਈ ਪਿਛਲੀ ਕਿਸ਼ਤ ਇੱਥੇ ਪੜ੍ਹੋ, To read 1st Part of the Interview, Click here]
ਪੰਜਾਬੀ ਫ਼ਿਲਮ ਅਦਾਕਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮ ‘ਛੜਾ’ (Shadaa) ਦੀ ਪ੍ਰੋਮੋਸ਼ਨ ਲਈ ਖ਼ਾਸ ਤੌਰ ’ਤੇ ਚੰਡੀਗੜ੍ਹ ਪੁੱਜੇ। ਇਹ ਫ਼ਿਲਮ 21 ਜੂਨ ਨੂੰ ਰਿਲੀਜ਼ ਹੋ ਰਹੀ ਹੈ।
ਇਸ ਮੌਕੇ ਦੋਵੇਂ ਕਲਾਕਾਰਾਂ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ, ਉਸੇ ਗੱਲਬਾਤ ਦੇ ਕੁਝ ਖ਼ਾਸ ਅੰਸ਼:
ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਫ਼ਿਲਮ ਉਦਯੋਗ ਵਿੱਚ ਮਰਦ ਤੇ ਇਸਤ੍ਰੀ ਅਦਾਕਾਰਾਂ ਨੂੰ ਮਿਲਣ ਵਾਲੇ ਮਿਹਨਤਾਨੇ ’ਚ ਕੋਈ ਫ਼ਰਕ ਹੈ?
ਨੀਰੂ: ਹਾਂ ਹੈ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਮਾਮਲਾ ਸੁਲਝ ਸਕਦਾ ਹੈ ਜੇ ਔਰਤ ਅਦਾਕਾਰਾਵਾਂ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਘੱਟ ਮਿਹਨਤਾਨੇ ਵਾਲਾ ਕੋਈ ਪ੍ਰੋਜੈਕਟ ਪ੍ਰਵਾਨ ਹੀ ਨਾ ਕਰਨ। ਇਸ ਮਾਮਲੇ ਵਿੱਚ ਇੱਕਜੁਟਤਾ ਬਹੁਤ ਜ਼ਰੂਰੀ ਹੈ। ਮਰਦ ਅਦਾਕਾਰਾਂ ਨੂੰ ਵੀ ਇਸ ਮਾਮਲੇ ’ਚ ਸਾਥ ਦੇਣਾ ਚਾਹੀਦਾ ਹੈ।
ਬਹੁਤਿਆਂ ਨੂੰ ਇੰਝ ਲੱਗਦਾ ਹੈ ਕਿ ਹਿੰਦੀ ਫ਼ਿਲਮਾਂ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਜ਼ਿਆਦਾਤਰ ਹਾਸੇ ਵਾਲੇ ਕਿਰਦਾਰਾਂ ’ਚ ਹੀ ਵਿਖਾਇਆ ਜਾਂਦਾ ਹੈ। ਕੀ ਅਜਿਹੀ ਕੋਈ ਗੱਲ ਹੈ?
ਦਿਲਜੀਤ: ਮੈਂ ਬੀਤੇ ਸਮੇਂ ਬਾਰੇ ਤਾਂ ਕੁਝ ਨਹੀਂ ਆਖ ਸਕਦਾ ਪਰ ਹੁਣ ਅਜਿਹਾ ਨਹੀਂ ਹੈ। ਮੈਂ ਦਸਤਾਰਧਾਰੀ ਅਦਾਕਾਰ ਹਾਂ ਤੇ ਮੈਨੂੰ ਕੁਝ ਵਧੀਆ ਭੂਮਿਕਾਵਾਂ ਮੇਰੇ ਸਿਰਫ਼ ਦਸਤਾਰਧਾਰੀ ਹੋਣ ਕਾਰਨ ਹੀ ਮਿਲੀਆਂ ਸਨ। ਮੇਰੀ ਫ਼ਿਲਮ ‘ਪੰਜਾਬ 1984’ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਸੀ ਤੇ ਉਸ ਦਾ ਵਿਸ਼ਾ ਬਹੁਤ ਗੰਭੀਰ ਸੀ ਤੇ ਉਹ ਸਿੱਖਾਂ ਬਾਰੇ ਸੀ। ਉਸ ਫ਼ਿਲਮ ਨੇ ਮੇਰੇ ਕਰੀਅਰ ਦਾ ਰੁਖ਼ ਹੀ ਬਦਲ ਕੇ ਰੱਖ ਦਿੱਤਾ। ਮੇਰੀਆਂ ਫ਼ਿਲਮਾਂ ਫ਼ਿਲੌਰੀ, ਸੂਰਮਾ ਤੇ ਉੜਤਾ ਪੰਜਾਬ ਸਭ ਗੰਭੀਰ ਕਿਸਮ ਦੇ ਸਿੱਖ ਕਿਰਦਾਰ ਹਨ। ਇੰਝ ਹੁਣ ਉਹ ਪਹਿਲਾਂ ਵਾਲੀਆਂ ਧਾਰਨਾਵਾਂ ਖ਼ਤਮ ਹੋ ਗਈਆਂ ਹਨ। ਤੇ ਇਸ ਗੱਲ ਵਿੱਚ ਵੀ ਕੋਈ ਨੁਕਸਾਨ ਨਹੀ, ਜੇ ਲੋਕ ਹੱਸਦੇ ਹਨ।
ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀ ਨੌਜਵਾਨ ਵੱਡੀ ਗਿਣਤੀ ’ਚ ਵਿਦੇਸ਼ਾਂ ਵਿੱਚ ਕਿਉਂ ਸੈਟਲ ਹੋ ਰਹੇ ਹਨ?
ਦਿਲਜੀਤ: ਇਸ ਰੁਝਾਨ ਦਾ ਵੱਡਾ ਕਾਰਨ ਬੇਰੁਜ਼ਗਾਰੀ ਹੈ। ਇੱਥੇ ਪੰਜਾਬ ’ਚ ਨੌਜਵਾਨਾਂ ਨੂੰ ਕੋਈ ਦਿਸ਼ਾ ਹੀ ਨਹੀਂ ਲੱਭਦੀ; ਉਨ੍ਹਾਂ ਨੂੰ ਆਪਣਾ ਭਵਿੱਖ ਅਨਿਸ਼ਚਤ ਜਾਪਦਾ ਹੈ। ਭਾਰਤ ਤੋਂ ਬਾਹਰ ਬਹੁਤ ਮੌਕੇ ਹਨ, ਇਸੇ ਲਈ ਉਹ ਬਾਹਰ ਜਾਂਦੇ ਹਨ।
ਨੀਰੂ: ਹਾਲਾਤ ਬਦਲ ਸਕਦੇ ਹਨ, ਜੇ ਸਾਡੇ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਤੇ ਪੜ੍ਹਾਈ ਕਿੱਤਾਮੁਖੀ ਹੋਵੇ। ਰੁਜ਼ਗਾਰ ਪੈਦਾ ਕਰਨ ਲਈ ਸਟਾਰਟ–ਅੱਪਸ ਖੋਲ੍ਹਣਾ ਵਧੀਆ ਵਿਕਲਪ ਹੋ ਸਕਦਾ ਹੈ।