ਕੋਰੋਨਾ ਨੇ ਦੁਨੀਆ ’ਚ ਕੋਹਰਾਮ ਮਚਾਇਆ ਹੋਇਆ ਹੈ। ਦੁਨੀਆ ਭਰ ’ਚ ਹੁਣ ਤੱਕ 27,862 ਵਿਅਕਤੀ ਮਾਰੇ ਜਾ ਚੁੱਕੇ ਹਨ। ਭਾਰਤ ’ਚ ਵੀ ਇਹ ਘਾਤਕ ਵਾਇਰਸ ਹੁਣ ਤੱਕ 21 ਜਾਨਾਂ ਲੈ ਚੁੱਕਾ ਹੈ। ਸਮੂਹ ਭਾਰਤੀ 21 ਦਿਨਾਂ ਦੇ ਲੌਕਡਾਊਨ ਕਾਰਨ ਆਪੋ–ਆਪਣੇ ਘਰਾਂ ਅੰਦਰ ਹਨ।
ਬਾਲੀਵੁੱਡ ਦੇ ਅਦਾਕਾਰ ਰਿਸ਼ੀ ਕਪੂਰ ਨੇ ਲੌਕਡਾਊਨ ਨਾਲ ਪੈਦਾ ਹੋਣ ਵਾਲੇ ਤਣਾਅ ਤੋਂ ਬਚਾਅ ਲਈ ਇੱਕ ਅਨੋਖਾ ਬਿਆਨ ਦੇ ਦਿੱਤਾ ਹੈ।
ਰਿਸ਼ੀ ਕਪੂਰ ਨੇ ਕਿਹਾ ਕਿ ਇਸ ਵੇਲੇ ਸੂਬਾ ਸਰਕਾਰਾਂ ਨੂੰ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਆਪਣੇ ਟਵੀਟ ’ਚ ਕਿਹਾ ਹੈ ਕਿ –
‘ਸਰਕਾਰ ਨੂੰ ਸ਼ਾਮੀਂ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ। ਮੈਨੂੰ ਗ਼ਲਤ ਨਾ ਸਮਝੋ ਪਰ ਇਨਸਾਨ ਘਰ ਬੈਠ ਕੇ ਡੀਪ੍ਰੈਸ਼ਨ ’ਚ ਜਿਊਣ ਲਈ ਮਜਬੂਰ ਹੈ। ਡਾਕਟਰਾਂ ਤੇ ਪੁਲਿਸ ਵਾਲਿਆਂ ਨੂੰ ਵੀ ਤਣਾਅ ਤੋਂ ਮੁਕਤੀ ਚਾਹੀਦੀ ਹੈ। ਉਂਝ ਵੀ ਤਾਂ ਬਲੈਕ ’ਚ ਵਿਕ ਹੀ ਰਹੀ ਹੈ।’
ਰਿਸ਼ੀ ਕਪੂਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵੇਲੇ ਸ਼ਰਾਬ ਨੂੰ ਕਾਨੂੰਨੀ ਮਾਨਤਾ ਦੇ ਦੇਵੇ। ਉਨ੍ਹਾਂ ਮੁਤਾਬਕ ਸੂਬਾ ਸਰਕਾਰਾਂ ਨੂੰ ਉਂਝ ਵੀ ਹੁਣ ਆਬਕਾਰੀ ਤੋਂ ਹੋਣ ਵਾਲੀ ਆਮਦਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
ਹੁਣ ਰਿਸ਼ੀ ਕਪੂਰ ਦੀ ਅਪੀਲ ਸਰਕਾਰ ਉੱਤੇ ਕੋਈ ਅਸਰ ਪਾਉਂਦੀ ਹੈ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਕੁਝ ਲੋਕਾਂ ਨੇ ਰਿਸ਼ੀ ਕਪੂਰ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਹੈ।
ਕੁਝ ਲੋਕਾਂ ਨੇ ਇਸ ਲਈ ਰਿਸ਼ੀ ਕਪੂਰ ਦੀ ਤਿੱਖੀ ਆਲੋਚਨਾ ਵੀ ਕੀਤੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਪਰੇਸ਼ਾਨ ਮਨ ਨਾਲ ਸ਼ਰਾਬ ਪੀਣਾ ਹੋਰ ਵੀ ਜ਼ਿਆਦਾ ਖ਼ਤਰਨਾਕ ਹੋ ਜਾਵੇਗਾ। ਕੁਝ ਲੋਕਾਂ ਦਾ ਕਹਿਣਾ ਸੀ ਕਿ ਇੰਝ ਕਰਨ ਨਾਲ ਦਹਿਸ਼ਤ ਫੈਲ ਜਾਵੇਗੀ ਤੇ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਵੱਡੀਆਂ ਭੀੜਾਂ ਵੇਖਣ ਨੂੰ ਮਿਲਣਗੀਆਂ।
ਚੇਤਾਵਨੀ: ਸ਼ਰਾਬ ਪੀਣੀ ਸਿਹਤ ਲਈ ਬੇਹੱਦ ਖ਼ਤਰਨਾਕ ਹੈ। ਇਸ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ। ਅਦਾਰਾ 'ਹਿੰਦੁਸਤਾਨ ਟਾਈਮਜ਼ ਪੰਜਾਬੀ' ਕਦੇ ਕਿਸੇ ਨੂੰ ਸ਼ਰਾਬ ਪੀਣ ਲਈ ਉਤਸ਼ਾਹਿਤ ਨਹੀਂ ਕਰਦਾ। ਇਹ ਰਿਸ਼ੀ ਕਪੂਰ ਦੇ ਆਪਣੇ ਵਿਚਾਰ ਹਨ।