ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫ਼ਿਲਮ 'ਸਾਹੋ' ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਫ਼ਿਲਮ ਨੂੰ ਭਾਵੇਂਕਿ ਰਲਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਬਾਕਸ ਆਫ਼ਿਸ 'ਤੇ ਫ਼ਿਲਮ ਚੰਗੀ ਕਮਾਈ ਕਰ ਰਹੀ ਹੈ।
ਪਹਿਲੇ ਦਿਨ ਜਿਥੇ ਫ਼ਿਲਮ ਨੇ 24 ਕਰੋੜ ਦੀ ਕਮਾਈ ਕੀਤੀ, ਉਥੇ ਦੂਜੇ ਦਿਨ ਖ਼ਬਰਾਂ ਅਨੁਸਾਰ ਫ਼ਿਲਮ ਨੇ 23 ਕਰੋੜ ਦੀ ਕਮਾਈ ਕੀਤੀ ਹੈ। ਖ਼ਬਰਾਂ ਅਨੁਸਾਰ ਤੀਜੇ ਦਿਨ ਫ਼ਿਲਮ ਨੇ ਸ਼ਾਨਦਾਰ ਕਮਾਈ ਕੀਤੀ। ਬਾਕਸ ਆਫ਼ਿਸ ਇੰਡੀਆ ਦੀਆਂ ਰਿਪੋਰਟਾਂ ਅਨੁਸਾਰ, ਤੀਜੇ ਦਿਨ ਫ਼ਿਲਮ ਨੇ 29-30 ਕਰੋੜ ਦੀ ਕਮਾਈ ਕੀਤੀ ਹੈ, ਜਿਸ ਅਨੁਸਾਰ ਫ਼ਿਲਮ ਨੇ ਕੁੱਲ 79 ਕਰੋੜ ਦੀ ਕਮਾਈ ਕਰ ਲਈ ਹੈ।
'ਸਾਹੋ' ਦੇ ਹਿੰਦੀ ਸੰਸਕਰਣ ਦੇ ਕੁਲੈਕਸ਼ਨ ਦੇ ਅਧਾਰ 'ਤੇ ਫ਼ਿਲਮ 2019 ਦੀ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮਾਂ ਵਿਚੋਂ ਇਕ ਬਣ ਗਈ ਹੈ। 'ਸਾਹੋ' ਦਾ ਇਸ ਸੂਚੀ ਵਿੱਚ ਤੀਜਾ ਸਥਾਨ ਹੈ। ਉਥੇ, ਪਹਿਲੇ ਸਥਾਨ 'ਤੇ ਭਾਰਤ ਹੈ, ਜਿਸ ਨੇ ਪਹਿਲੇ ਦਿਨ 42.30 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਦੂਜੇ ਸਥਾਨ ਦਾ ਨਾਮ 'ਮਿਸ਼ਨ ਮੰਗਲ' ਹੈ, ਜਿਸ ਨੇ ਪਹਿਲੇ ਦਿਨ 29.16 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਦੱਸਣਯੋਗ ਹੈ ਕਿ ਬਾਹੂਬਲੀ ਫਰੈਂਚਾਇਜ਼ੀ ਵਿੱਚ ਕੰਮ ਕਰਨ ਤੋਂ ਬਾਅਦ ਪ੍ਰਭਾਸ ਇੱਕ ਅੰਤਰਰਾਸ਼ਟਰੀ ਸਟਾਰ ਬਣ ਗਏ ਹਨ। ਫ਼ਿਲਮ 'ਬਾਹੂਬਲੀ: ਦਿ ਬਿਗਿਨਿੰਗ' ਨੇ ਦੁਨੀਆਂ ਭਰ ਵਿੱਚ 650 ਕਰੋੜ ਰੁਪਏ ਅਤੇ 'ਬਾਹੂਬਲੀ 2 ਨੇ ਦੁਨੀਆ ਭਰ 'ਚ 1796.56 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਬਾਅਦ ਪ੍ਰਸ਼ੰਸਕਾਂ ਨੇ ‘ਸਾਹੋ’ ਲਈ ਵੱਖਰੇ ਸੁਪਨੇ ਸਜਾਏ ਸਨ।