ਚਿਰਾਂ ਤੋਂ ਉਡੀਕੀ ਜਾ ਰਹੀ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3’ ਦਾ ਟ੍ਰੇਲਰ ਕੱਲ੍ਹ ਬੁੱਧਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ। ਇਹ ਫ਼ਿਲਮ ਇਸੇ ਵਰ੍ਹੇ 20 ਦਸੰਬਰ ਨੂੰ ਰਿਲੀਜ਼ ਹੋਣੀ ਹੈ। ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫ਼ੀ ਦਮਦਾਰ ਲੱਗਾ ਹੈ ਤੇ ਇਹ ਕਹਿਣਾ ਹੀ ਪਵੇਗਾ ਕਿ ਸਲਮਾਨ ਇਸ ਫ਼ਿਲਮ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਬੰਗ ਵਿਖਾਈ ਦੇ ਰਹੇ ਹਨ।
‘ਦਬੰਗ–3’ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਇਹ ਫ਼ਿਲਮ ਤੁਹਾਨੂੰ ਉਹ ਕਹਾਣੀ ਸੁਣਾਏਗੀ, ਜਿਸ ਕਾਰਨ ਚੁਲਬੁਲ ਪਾਂਡੇ ਅਸਲ ਵਿੱਚ ਦਬੰਗ ਬਣੇ ਹਨ। ਟ੍ਰੇਲਰ ’ਚ ਥੋੜ੍ਹੇ ਹਾਸੇ–ਠੱਠੇ ਦੇ ਨਾਲ–ਨਾਲ ਪਹਿਲਾਂ ਤੋਂ ਕਿਤੇ ਜ਼ਿਆਦਾ ਐਕਸ਼ਨ ਤੇ ਥ੍ਰਿਲਰ ਵਿਖਾਇਆ ਗਿਆ ਹੈ।
ਸਲਮਾਨ ਖ਼ਾਨ ਦੀ ਇਸ ਫ਼ਿਲਮ ਨਾਲ ਮਹੇਸ਼ ਮਾਂਜਰੇਕਰ ਦੀ ਧੀ ਸਈ ਮਾਂਜਰੇਕਰ ਵੀ ਫ਼ਿਲਮ ਉਦਯੋਗ ’ਚ ਪੈਰ ਧਰ (ਡੈਬਿਯੂ ਕਰ) ਰਹੀ ਹੈ। ਟ੍ਰੇਲਰ ਦੇ ਕੁਝ ਸੀਨਜ਼ ਵਿੱਚ ਸਲਮਾਨ ਨੂੰ ਸਈ ਮਾਂਜਰੇਕਰ ਨਾਲ ਰੋਮਾਂਸ ਕਰਦਿਆਂ ਵਿਖਾਇਆ ਗਿਆ ਹੈ। ਨਾਲ ਹੀ ਸਲਮਾਨ ਖ਼ਾਨ ਦੇ ਵੀ ਦੋ ਵੱਖੋ–ਵੱਖਰੇ ਕਿਰਦਾਰ ਇਸ ਟ੍ਰੇਲਰ ਵਿੱਚ ਵਿਖਾਏ ਗਏ ਹਨ।
ਇੱਕ ਕਿਰਦਾਰ ’ਚ ਉਹ ਬਿਨਾ ਮੁੱਛਾਂ ਦੇ ਬਿਲਕੁਲ ਨੌਜਵਾਨ ਵਿਖਾਈ ਦਿੰਦੇ ਹਨ; ਜਦ ਕਿ ਦੂਜੇ ਕਿਰਦਾਰ ਵਿੱਚ ਉਹ ਮੁੱਛਾਂ ਨਾਲ ਹਨ ਤੇ ਆਪਣੀ ਭਾਰੀ ਸ਼ਖ਼ਸੀਅਤ ਨਾਲ ਪਹਿਲਾਂ ਤੋਂ ਵੀ ਵੱਧ ਦਬੰਗ ਵਿਖਾਈ ਦੇ ਰਹੇ ਹਨ।
ਇਸ ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਸਲਮਾਨ ਖ਼ਾਨ ਦੇ ਇਸ ਡਾਇਲਾਗ ਨਾਲ – ‘ਏਕ ਹੋਤਾ ਹੈ ਪੁਲਿਸ–ਵਾਲਾ ਔਰ ਏਕ ਹੋਤਾ ਹੈ ਗੁੰਡਾ – ਔਰ ਏਕ ਹੋਤਾ ਹੈ ਪੁਲਿਸ–ਵਾਲਾ ਗੁੰਡਾ’। ਇਸ ਵਾਰ ਦੇ ਵਿਲੇਨ (ਖਲਨਾਇਕ) ਕਿੱਚਾ ਸੁਦੀਪ ਨੂੰ ਨਾ ਤਾਂ ਪੱਠੇਦਾਰ ਵਿਖਾਇਆ ਹੈ ਤੇ ਨਾ ਹੀ ਵੱਧ ਸਾਜ਼ਿਸ਼–ਘਾੜਾ ਪਰ ਉਹ ਜ਼ਾਲਮ ਜ਼ਰੂਰ ਦਿਸਦਾ ਹੈ।
ਫ਼ਿਲਮ ਦੀ ਸ਼ੂਟਿੰਗ ਵਧੀਆ ਸਥਾਨਾਂ ’ਤੇ ਕੀਤੀ ਗਈ ਜਾਪਦੀ ਹੈ। ਆਮ ਲੋਕਾਂ ਨੇ ਇਸ ਟ੍ਰੇਲਰ ਨੂੰ ਵਧੀਆ ਦੱਸਿਆ ਹੈ। ਉਨ੍ਹਾਂ ਮੁਤਾਬਕ ਇਸ ਵਿੱਚ ਐਕਸ਼ਨ, ਰੋਮਾਂਸ, ਡਾਂਸ ਤੇ ਮਿਊਜ਼ਿਕ ਸਭ ਕੁਝ ਸ਼ਾਨਦਾਰ ਹੈ।