ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਾਇਓਪਿਕ ਮਗਰੋਂ ਹੁਣ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਸ਼ੱਕੀ ਹਾਲਾਤ ਚ ਹੋਈ ਮੌਤ ਤੇ ਬਣੀ ਫ਼ਿਲਮ ‘ਦ ਤਾਸ਼ਕੰਦ ਫ਼ਾਈਲਜ਼’ ਵੀ ਕਾਨੂੰਨੀ ਵਿਵਾਦਾਂ ਚ ਫਸ ਗਈ ਹੈ। ਜਾਣਕਾਰੀ ਮੁਤਾਬਕ ਫ਼ਿਲਮਕਾਰ ਵਿਵੇਕ ਅਗਨੀਹੋਤਰੀ ਨੂੰ ਉਨ੍ਹਾਂ ਦੀ ਫ਼ਿਲਮ ‘ਦ ਤਾਸ਼ਕੰਦ ਫ਼ਾਈਲਜ਼’ ਦੀ ਰਿਲੀਜ਼ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਪੋਤਰੇ ਦੁਆਰਾ ਕਾਨੂੰਨੀ ਨੋਟਿਸ ਦਿੱਤਾ ਗਿਆ ਹੈ।
ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ਲਾਲ ਬਹਾਦੁਰ ਸ਼ਾਸਤਰੀ ਦੇ ਪੋਤਰੇ ਨੇ ਫ਼ਿਲਮ ਨੂੰ ਲੈ ਕੇ ਇਕ ਇਤਰਾਜ ਪ੍ਰਗਟਾਇਆ ਹੈ ਤੇ ਇਸ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਨਹੀਂ ਕੀ ਹੋਇਆ ਪਰ ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਕਾਂਗਰਸ ਦੇ ਸਿਖਰਲੇ ਪਰਿਵਾਰ ਤੋਂ ਕਿਸੇ ਨੇ ਉਨ੍ਹਾਂ ਨੂੰ ਸਾਨੂੰ ਕਾਨੂੰਨੀ ਨੋਟਿਸ ਭੇਜਣ ਲਈ ਭੜਕਾਇਆ ਹੈ। ਇਹ ਕੋਈ ਪ੍ਰੋਪਗੰਡਾ ਫ਼ਿਲਮ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਲੋਕਾਂ ਨੂੰ ਫ਼ਿਲਮ ਤੋਂ ਕੀ ਮੁਸ਼ਕਲ ਹੈ। ਮੈਂ ਹਾਲੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ ਪਰ ਮੈਂ ਪ੍ਰੈੱਸ ਕਾਨਫ਼ਰੰਸ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਨੋਟਿਸ ਦੀ ਕਾਪੀ ਵਿਵੇਕ ਨੇ ਆਈਏਐਨਐਸ ਨਾਲ ਸਾਂਝੀ ਕੀਤੀ ਹੈ। ਨੋਟਿਸ ਚ ਦੋਸ਼ ਲਗਾਇਆ ਗਿਆ ਹੈ ਕਿ ਫ਼ਿਲਮ ‘ਦ ਤਾਸ਼ਕੰਦ ਫ਼ਾਈਲਜ਼’ ਅਣਢੁੱਕਵੇਂ ਅਤੇ ਬੇਲੋੜੀਂਦੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ ਸਮਾਜ ਦੇ ਵੱਡੇ ਵਰਗ ਦੀ ਭਾਵਨਾਵਾਂ ਨੂੰ ਵੀ ਵਲੁੰਧਰੇਗੀ।
ਵਿਵੇਕ ਅਗਨੀਹੋਤਰੀ ਨੇ ਬੁੱਧਵਾਰ ਨੂੰ ਕਿਹਾ, ਸਾਨੂੰ ਦੇਰ ਰਾਤ ਫ਼ਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਦਾ ਮੰਗ ਕਰਨ ਵਾਲਾ ਕਾਨੂੰਨੀ ਨੋਟਿਸ ਮਿਲਿੀਆ ਹੈ। ਤਿੰਨ ਦਿਨ ਪਹਿਲਾਂ ਅਸੀਂ ਦਿੱਲੀ ਚ ਉਕਤ ਫ਼ਿਲਮ ਦੀ ਸਕ੍ਰੀਨਿੰਗ ਕੀਤੀ ਸੀ ਜਿਸ ਵਿਚ ਲਾਲ ਬਹਾਦੁਰ ਸ਼ਾਸਤਰੀ ਦੇ ਪੋਤਰੇ ਨੇ ਇਹ ਫ਼ਿਲਮ ਦੇਖੀ ਸੀ ਤੇ ਉਨ੍ਹਾਂ ਨੂੰ ਫ਼ਿਲਮ ਪਸੰਦ ਵੀ ਆਈ ਸੀ ਜਿਸਦੀ ਉਨ੍ਹਾਂ ਨੇ ਸ਼ਲਾਘਾ ਵੀ ਕੀਤੀ ਸੀ।
ਦੱਸ ਦੇਈਏ ਕਿ ਫ਼ਿਲਮ ‘ਦ ਤਾਸ਼ਕੰਦ ਫ਼ਾਈਲਜ਼’ ਨੂੰ ਸ਼ੁੱਕਰਵਾਰ ਨੂੰ ਰਿਲੀਜ਼ ਕਰਨ ਦੀ ਯੋਜਨਾ ਹੈ। ਇਸ ਫ਼ਿਲਮ ਚ ਨਸੀਰੁਦੀਨ ਸ਼ਾਹ, ਪਲਵੀ ਜੋਸ਼ੀ, ਸ਼ਵੇਤਾ ਬਸੁ, ਪੰਕਜ ਤ੍ਰਿਪਾਠੀ, ਮਿਥੁਨ ਚਕਰਵਤੀ ਤੇ ਵਿਨੇ ਪਾਠਕ ਮੁੱਖ ਕਿਰਦਾਰਾਂ ਚ ਹਨ।
ਦੱਸਣਯੋਗ ਹੈ ਕਿ ਭਾਰਤ–ਪਾਕਿਸਤਾਨ ਵਿਚਾਲੇ ਸਾਲ 1965 ਦੀ ਜੰਗ ਖ਼ਤਮ ਹੋਣ ’ਤੇ ਦੋਵੇਂ ਦੇਸ਼ਾਂ ਵਿਚਾਲੇ ਹੋਏ ਤਾਸ਼ਕੰਦ ਸਮਝੌਤੇ ਦੇ ਤੁਰੰਤ ਬਾਅਦ 1966 ਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਸ਼ੱਕੀ ਹਾਲਾਤ ਚ ਮੌਤ ਹੋ ਗਈ ਸੀ। ਇਸ ਫ਼ਿਲਮ ਇਸੇ ਕਹਾਣੀ ਤੇ ਆਧਾਰਿਤ ਹੈ।
.