ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ 'ਅਨਕਿੱਸਡ ਗਰਲ': ਨਿੰਮੀ

ਭਾਰਤ ਦੀ 'ਅਨਕਿੱਸਡ ਗਰਲ': ਨਿੰਮੀ

ਆਪਣੇ ਸਮੇਂ ਦੀ ਬਹੁਚਰਚਿਤ ਬਾਲੀਵੁੱਡ ਅਦਾਕਾਰਾ ਨਿੰਮੀ ਨਹੀਂ ਰਹੀ। ਬੀਤੇ ਦਿਨੀਂ (25 ਮਾਰਚ 2020 ਨੂੰ) ਉਸ ਦਾ ਮੁੰਬਈ ਵਿਖੇ ਦੇਹਾਂਤ ਹੋ ਗਿਆ। ਨਿੰਮੀ, ਜਿਸਦਾ ਅਸਲ ਨਵਾਬ ਬਾਨੋ ਸੀ, ਦਾ ਜਨਮ ਇੱਕ ਮੁਸਲਿਮ ਪਰਿਵਾਰ ਵਿੱਚ 18 ਫਰਵਰੀ 1933 ਨੂੰ ਆਗਰਾ (ਉੱਤਰ ਪ੍ਰਦੇਸ਼) ਵਿੱਚ ਹੋਇਆ। ਉਸਦੀ ਮਾਂ ਵਹੀਦਾਂ ਆਪਣੇ ਸਮੇਂ ਦੀ ਚੰਗੀ ਗਾਇਕਾ ਅਤੇ ਅਭਿਨੇਤਰੀ ਸੀ, ਜੋ ਫਿਲਮ ਜਗਤ ਨਾਲ ਜੁੜੀ ਹੋਈ ਸੀ। ਨਿੰਮੀ ਦਾ ਪਿਤਾ ਅਬਦੁਲ ਹਕੀਮ ਮਿਲਟਰੀ ਠੇਕੇਦਾਰ ਸੀ। ਨਿੰਮੀ ਨੂੰ 'ਨਵਾਬ' ਨਾਂ ਉਹਦੇ ਦਾਦਾ ਨੇ ਦਿੱਤਾ, ਜਦਕਿ 'ਬਾਨੋ' ਦਾਦੀ ਨੇ। ਛੋਟੀ ਹੁੰਦਿਆਂ ਨਿੰਮੀ ਨੇ ਆਪਣੀ ਮਾਂ ਨਾਲ ਬੰਬਈ ਦੀ ਖ਼ੂਬ ਯਾਤਰਾ ਕੀਤੀ, ਜੀਹਦਾ ਫਿਲਮ- ਮੇਕਰ ਮਹਿਬੂਬ ਖ਼ਾਂ ਅਤੇ ਉਹਦੇ ਪਰਿਵਾਰ ਨਾਲ ਚੰਗਾ ਮੇਲਜੋਲ ਸੀ।

 

 

ਨਿੰਮੀ ਨੇ ਸਕੂਲ ਦੀ ਵਿੱਦਿਆ ਸੇਂਟ ਜੌਸਫ਼ ਕਾਨਵੈਂਟ ਸਕੂਲ ਭੋਪਾਲ ਤੋਂ ਪ੍ਰਾਪਤ ਕੀਤੀ ਅਤੇ ਫਿਲਮਾਂ ਸਬੰਧੀ ਸਿਖਲਾਈ ਫਿਲਮ ਐਂਡ ਟੀਵੀ ਇੰਸਟੀਚਿਊਟ ਆਫ਼ ਇੰਡੀਆ, ਪੂਨੇ ਤੋਂ ਹਾਸਲ ਕੀਤੀ। ਉਹ ਅਜੇ 11 ਵਰ੍ਹਿਆਂ ਦੀ ਸੀ ਕਿ ਉਹਦੀ ਮਾਂ ਦਾ ਦਿਹਾਂਤ ਹੋ ਗਿਆ। ਨਿੰਮੀ ਨੂੰ ਉਹਦੇ ਪਿਤਾ ਨੇ ਅੈਬਟਾਬਾਦ(ਰਾਵਲਪਿੰਡੀ) ਉਹਦੀ ਨਾਨੀ ਕੋਲ ਭੇਜ ਦਿੱਤਾ। ਉਦੋਂ ਹੀ ਦੇਸ਼ ਦੀ ਵੰਡ (1947) ਹੋ ਗਈ, ਤਾਂ ਨਾਨੀ ਉਹਨੂੰ ਆਪਣੀ ਧੀ ਜੋਤੀ ਕੋਲ ਬੰਬਈ ਲੈ ਆਈ। ਜੋਤੀ, ਜੋ ਆਪਣੇ ਸਮੇਂ ਦੀ ਅਭਿਨੇਤਰੀ ਸੀ, ਦੀ ਸ਼ਾਦੀ ਉਸ ਸਮੇਂ ਦੇ ਪ੍ਰਸਿੱਧ ਪਲੇਅਬੈਕ ਸਿੰਗਰ, ਅਭਿਨੇਤਾ ਅਤੇ ਸੰਗੀਤ ਨਿਰਦੇਸ਼ਕ ਜੀ. ਐੱਮ. ਦੁਰਾਨੀ ਨਾਲ ਹੋਈ ਸੀ।

 

 

ਨਵਾਬ ਬਾਨੋ ਨੂੰ "ਨਿੰਮੀ" ਨਾਮ ਰਾਜ ਕਪੂਰ ਨੇ ਦਿੱਤਾ ਸੀ, ਜਿਸ ਨੇ ਆਪਣੀ ਫਿਲਮ 'ਅੰਦਾਜ਼' ਦੇ ਸੈੱਟ ਤੇ ਇੱਕ ਸ਼ਰਮੀਲੀ ਲੜਕੀ ਦੇ ਰੂਪ ਵਿੱਚ ਨਿੰਮੀ ਨੂੰ ਪਹਿਲੀ ਵਾਰ ਵੇਖਿਆ ਸੀ। ਨਿੰਮੀ ਨੂੰ ਰਾਜ ਕਪੂਰ ਨੇ 'ਬਰਸਾਤ' ਵਿੱਚ ਦੂਜਾ ਵੱਡਾ ਰੋਲ ਦਿੱਤਾ ਸੀ,ਜਿਸ ਵਿੱਚ ਰਾਜ ਕਪੂਰ ਦੇ ਨਾਲ ਨਰਗਿਸ ਅਤੇ ਪ੍ਰੇਮਨਾਥ ਦੇ ਮੁੱਖ ਰੋਲ ਸਨ। ਇਸ ਫ਼ਿਲਮ ਵਿੱਚ ਨਿੰਮੀ ਨੇ ਇੱਕ ਮਾਸੂਮ ਪਹਾੜੀ ਆਜੜੀ ਦਾ ਰੋਲ ਨਿਭਾਇਆ ਸੀ। ਇਸ ਪਿੱਛੋਂ ਨਿੰਮੀ ਨੂੰ ਬਹੁਤ ਸਾਰੀਆਂ ਫ਼ਿਲਮਾਂ ਦੀ ਆਫ਼ਰ ਮਿਲੀ।

 

 

ਪੰਜਾਹਵਿਆਂ ਅਤੇ ਸੱਠਵਿਆਂ ਵਿੱਚ ਉਹਨੇ ਕਈ ਪ੍ਰਸਿੱਧ ਹੀਰੋਜ਼ ਨਾਲ ਚਰਚਿਤ ਫ਼ਿਲਮਾਂ ਵਿੱਚ ਅਭਿਨੈ ਕੀਤਾ, ਜਿਨ੍ਹਾਂ ਵਿੱਚ ਰਾਜ ਕਪੂਰ (ਬਾਂਵਰਾ), ਦੇਵ ਆਨੰਦ (ਸਜ਼ਾ, ਆਂਧੀਆਂ), ਦਿਲੀਪ ਕੁਮਾਰ (ਦੀਦਾਰ, ਦਾਗ਼) ਸ਼ਾਮਲ ਹਨ। ਉਸ ਨੇ ਉਸ ਸਮੇਂ ਦੀਆਂ ਚਰਚਿਤ ਅਭਿਨੇਤਰੀਆਂ ਮਧੂਬਾਲਾ( ਅਮਰ), ਸੁਰੱਈਆ(ਸ਼ਮਾ੍ ), ਗੀਤਾ ਬਾਲੀ (ਊਸ਼ਾ ਕਿਰਨ), ਮੀਨਾ ਕੁਮਾਰੀ (ਚਾਰ ਦਿਲ ਚਾਰ ਰਾਹੇਂ) ਨਾਲ ਵੀ ਕੰਮ ਕੀਤਾ। ਉਸ ਨੇ 1951 ਵਿੱਚ ਬਣੀ 'ਬੇਦਰਦੀ' ਵਿੱਚ ਅਭਿਨੈ ਦੇ ਨਾਲ ਨਾਲ ਗਾਇਕਾ ਵਜੋਂ ਵੀ ਪੇਸ਼ਕਾਰੀ ਦਿੱਤੀ। ਪਰ ਇਸ ਇਕਲੌਤੀ ਫ਼ਿਲਮ ਤੋਂ ਬਾਅਦ ਉਹਨੇ ਕਿਸੇ ਹੋਰ ਫਿਲਮ 'ਚ ਗੀਤ ਨਹੀਂ ਗਾਏ।

 

 

ਮਹਿਬੂਬ ਖ਼ਾਨ ਨੇ ਉਹਨੂੰ ਵੱਡੇ ਬਜਟ ਦੀ ਫਿਲਮ 'ਆਨ' ਵਿੱਚ ਪੇਸ਼ ਕੀਤਾ। ਇਸ ਦਾ ਲੇਖਕ ਅਲੀ ਰਾਜਾ ਸੀ (ਜੋ ਪਿੱਛੋਂ ਉਸ ਦਾ ਪਤੀ ਬਣਿਆ)। ਅਸਲ ਵਿੱਚ ਉਹ ਰਾਜਾ ਦੀਆਂ ਲਿਖਤਾਂ ਦੀ ਫੈਨ ਸੀ। ਇਹ ਪਹਿਲੀ ਫ਼ਿਲਮ ਸੀ, ਜਿਸ ਨੂੰ ਸੰਸਾਰ ਭਰ ਵਿਚ ਇੱਕੋ ਸਮੇਂ ਰਿਲੀਜ਼ ਕੀਤਾ ਗਿਆ। ਜਦੋਂ ਇਹ ਫਿਲਮ ਲੰਡਨ ਵਿੱਚ ਰਿਲੀਜ਼ ਹੋਈ ਸੀ, ਤਾਂ ਨਿੰਮੀ ਉੱਥੇ ਮੌਜੂਦ ਸੀ। ਇਸ ਦੇ ਅੰਗਰੇਜ਼ੀ ਸੰਸਕਰਨ ਦਾ ਨਾਂ ਸੀ- 'ਸੇਵੇਜ ਪ੍ਰਿੰਸੈਸ'। ਉੱਥੇ ਉਹ ਬਹੁਤ ਸਾਰੀਆਂ ਪੱਛਮੀ ਫ਼ਿਲਮ ਸ਼ਖ਼ਸੀਅਤਾਂ ਨੂੰ ਮਿਲੀ, ਜਿਨ੍ਹਾਂ ਵਿੱਚ ਐਰੋਲ ਫਲਿਨ ਵੀ ਸ਼ਾਮਿਲ ਸੀ। ਜਦੋਂ ਫਲਿਨ ਨੇ ਉਹਦੇ ਹੱਥ ਤੇ ਕਿੱਸ ਕਰਨੀ ਚਾਹੀ ਤਾਂ ਨਿੰਮੀ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਕਿਹਾ "ਮੈਂ ਭਾਰਤੀ ਕੁੜੀ ਹਾਂ। ਤੁਸੀਂ ਮੈਨੂੰ ਕਿੱਸ ਨਹੀਂ ਕਰ ਸਕਦੇ।" ਅਗਲੇ ਹੀ ਦਿਨ ਪ੍ਰੈੱਸ ਵਿੱਚ ਇਸ ਘਟਨਾ ਬਾਰੇ ਸੁਰਖੀ ਸੀ-- "...ਅਨਕਿੱਸਡ ਗਰਲ ਆਫ ਇੰਡੀਆ"।

 

 

2013 ਵਿੱਚ ਦਿੱਤੀ ਇੱਕ ਇੰਟਰਵਿਊ ਵਿੱਚ ਨਿੰਮੀ ਨੇ ਦੱਸਿਆ ਸੀ ਕਿ 'ਆਨ' ਦੇ ਲੰਡਨ ਪ੍ਰੀਮੀਅਰ ਸਮੇਂ ਉਸ ਨੂੰ ਹਾਲੀਵੁੱਡ ਵੱਲੋਂ ਚਾਰ ਆਫਰਜ਼ ਮਿਲੇ ਸਨ, ਜਿਨ੍ਹਾਂ ਵਿੱਚ ਸੀਸਿਲ ਬੀ.ਡੀਮਿਲੇ ਵੀ ਸ਼ਾਮਲ ਸੀ। ਉਸਨੇ ਫਿਲਮ ਵਿੱਚ ਨਿੰਮੀ ਦੇ ਅਭਿਨੈ ਦੀ ਖ਼ੂਬ ਪ੍ਰਸੰਸਾ ਕੀਤੀ। ਪਰ ਨਿੰਮੀ ਨੇ ਇੰਨ੍ਹਾਂ ਆਫਰਜ਼ ਨੂੰ ਨਕਾਰ ਦਿੱਤਾ ਸੀ। 'ਆਨ' ਦੀ ਬਾਕਸ ਆਫਿਸ ਤੇ ਬੇਮਿਸਾਲ ਸਫਲਤਾ ਪਿਛੋਂ ਮਹਿਬੂਬ ਨੇ ਉਸ ਨੂੰ ਅਗਲੀ ਫਿਲਮ 'ਅਮਰ'(1954) ਵਿੱਚ ਆਫਰ ਦਿੱਤੀ, ਜਿਸ ਵਿੱਚ ਨਿੰਮੀ ਨੇ ਦਿਲੀਪ ਕੁਮਾਰ ਅਤੇ ਮਧੂਬਾਲਾ ਨਾਲ ਇੱਕ ਗਰੀਬ ਗੁਆਲਣ ਵਜੋਂ ਕੰਮ ਕੀਤਾ। ਫਿਰ ਉਹਨੇ ਪ੍ਰੋਡਿਊਸਰ ਵਜੋਂ ਆਪਣੀ ਹੀ ਫ਼ਿਲਮ 'ਡੰਕਾ'(1951) ਵਿੱਚ ਅਭਿਨੈ ਕੀਤਾ। ਸੋਹਰਾਬ ਮੋਦੀ ਦੀ 'ਕੁੰਦਨ'(1955) ਵਿੱਚ ਨਿੰਮੀ ਨੇ ਸੁਨੀਲ ਦੱਤ ਨਾਲ ਮਾਂ ਅਤੇ ਧੀ ਦਾ ਦੂਹਰਾ ਰੋਲ ਅਦਾ ਕੀਤਾ ਸੀ।1955 ਵਿੱਚ ਹੀ ਬਣੀ 'ਉੜਨ ਖਟੋਲਾ' ਉਹਨੇ ਇੱਕ ਵਾਰ ਫਿਰ ਬਾਕਸ ਆਫਿਸ ਤੇ ਖੂਬ ਪ੍ਰਸਿੱਧੀ ਪ੍ਰਾਪਤ ਕੀਤੀ।

 

 

'ਬਸੰਤ ਬਹਾਰ' ਅਤੇ 'ਭਾਈ ਭਾਈ'(1956) ਉਸਦੀਆਂ ਦੋ ਹੋਰ ਕਾਮਯਾਬ ਫ਼ਿਲਮਾਂ ਸਨ। 24 ਵਰ੍ਹਿਆਂ ਦੀ ਉਮਰੇ,1957 ਵਿੱਚ ਨਿੰਮੀ ਨੂੰ 'ਭਾਈ ਭਾਈ' ਲਈ "ਬੈਸਟ ਐਕਟ੍ਰੈੱਸ ਅਵਾਰਡ" ਮਿਲਿਆ। ਇਹ ਫ਼ਿਲਮਾਂ ਉਹਦੇ ਗਾਏ ਗੀਤਾਂ ਲਈ ਵੀ ਜ਼ਿਕਰਯੋਗ ਹਨ, ਜਿਨ੍ਹਾਂ ਨੂੰ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਡੱਬ ਕੀਤਾ ਗਿਆ ਸੀ। ਇਸ ਸਮੇਂ ਤੱਕ ਉਹਨੇ ਆਪਣੇ ਆਪ ਨੂੰ ਹਿੰਦੀ ਸਿਨੇਮਾ ਦੀ 'ਪਾਪੂਲਰ ਅਭਿਨੇਤਰੀ' ਵਜੋਂ ਸਥਾਪਤ ਕਰ ਲਿਆ ਸੀ।

 

 

ਨਿੰਮੀ ਨੇ 1950ਵਿਆਂ ਦੇ ਅੰਤ ਤੱਕ ਕੁਝ ਪ੍ਰਸਿੱਧ ਨਿਰਦੇਸ਼ਕਾਂ ਚੇਤਨ ਆਨੰਦ (ਅੰਜਲੀ), ਕੇ.ਏ.ਅੱਬਾਸ (ਚਾਰ ਦਿਲ ਚਾਰ ਰਾਹੇਂ) ਤੇ ਵਿਜੈ ਭੱਟ (ਅੰਗੁਲੀਮਾਲ) ਨਾਲ ਕੰਮ ਕੀਤਾ। ਖੁਦ ਰਿਸਕ ਲੈਣ ਲਈ ਉਹਨੇ ਕੁਝ ਵਿਵਾਦਾਤਮਕ ਰੋਲ ਵੀ ਕੀਤੇ। ਜਿਵੇਂ ਕਿ 'ਚਾਰ ਦਿਲ ਚਾਰ ਰਾਹੇਂ' (1957) ਵਿੱਚ ਵੇਸ਼ਵਾ ਦਾ ਰੋਲ। ਇਸ ਦੌਰ ਵਿੱਚ ਉਹ ਚੋਣਵੇਂ ਰੋਲ ਕਰਨ ਵੱਲ ਰੁਚਿਤ ਹੋ ਗਈ ਸੀ। ਇਨ੍ਹਾਂ ਹੀ ਸਮਿਆਂ ਵਿੱਚ ਉਸ ਨੇ ਬੀ ਆਰ ਚੋਪੜਾ ਦੀਆਂ 'ਸਾਧਨਾ'(1958) ਅਤੇ 'ਵੋਹ ਕੌਨ ਥੀ'(1963) ਲਈ ਇਨਕਾਰ ਕਰ ਦਿੱਤਾ, ਜੋ ਪਿੱਛੋਂ ਕ੍ਰਮਵਾਰ ਵੈਜੰਤੀ ਮਾਲਾ ਅਤੇ ਸਾਧਨਾ ਲਈ ਮਹਾਨ ਪ੍ਰਾਪਤੀ ਵਾਲੀਆਂ ਫ਼ਿਲਮਾਂ ਬਣੀਆਂ ਸਨ।

 

 

ਇਸ ਸਮੇਂ ਉਹਨੇ ਫ਼ਿਲਮਾਂ ਨੂੰ ਛੱਡਣ ਅਤੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਡਾਇਰੈਕਟਰ ਕੇ. ਆਸਿਫ਼ ਆਪਣੀ ਫ਼ਿਲਮ 'ਲਵ ਐਂਡ ਗੌਡ' ਬਣਾ ਰਿਹਾ ਸੀ, ਜੋ ਨਿੰਮੀ ਦੀ ਆਖ਼ਰੀ ਫ਼ਿਲਮ ਸੀ। 1913 ਵਿੱਚ ਆਪਣੀ ਇੱਕ ਖ਼ਾਸ ਇੰਟਰਵਿਊ (ਰਾਜ ਸਭਾ ਟੀਵੀ) ਵਿੱਚ ਨਿੰਮੀ ਨੇ ਦੱਸਿਆ ਸੀ ਕਿ ਉਹਨੇ ਬਚਪਨ ਤੋਂ ਹੀ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉੱਥੇ ਹੀ ਮਹਿਬੂਬ ਸਟੁਡੀਓ ਵਿੱਚ ਉਹਨੇ ਸਈਅਦ ਅਲੀ ਰਜ਼ਾ ਦੀ ਤਸਵੀਰ ਵੇਖੀ ਸੀ। ਉਹਦੀ ਹੇਅਰ ਡਰੈਸਰ ਨੇ 'ਫ਼ਿਲਮ ਇੰਡੀਆ' ਵਿੱਚ ਪ੍ਰਕਾਸ਼ਿਤ ਰਜ਼ਾ ਦੀ ਤਸਵੀਰ ਉਹਨੂੰ ਵਿਖਾਈ ਸੀ ਤੇ ਉਸ ਨਾਲ ਵਿਆਹ ਕਰਨ ਬਾਰੇ ਉਸ ਦੀ ਰਾਏ ਜਾਣੀ ਸੀ। ਉਹਦੇ ਸਹਿ- ਅਭਿਨੇਤਾ ਮੁਕਰੀ ਨੇ ਵੀ ਉਹਨੂੰ ਰਜ਼ਾ ਨਾਲ ਸ਼ਾਦੀ ਕਰਨ ਦੀ ਸਲਾਹ ਦਿੱਤੀ ਸੀ ਤੇ ਇਉਂ ਦੋ ਪਰਿਵਾਰਾਂ ਵਿੱਚ ਭਾਰਤੀ ਢੰਗ ਨਾਲ ਵਿਆਹ ਦੀ ਸਹਿਮਤੀ ਹੋ ਗਈ ਸੀ। ਪਰ ਇਸ ਦੰਪਤੀ ਦੇ ਕੋਈ ਸੰਤਾਨ ਨਹੀਂ ਹੋਈ। ਪਿੱਛੋਂ ਉਨ੍ਹਾਂ ਨੇ ਨਿੰਮੀ ਦੀ ਭੈਣ ਦੇ ਮੁੰਡੇ ਨੂੰ ਗੋਦ ਲੈ ਲਿਆ ਸੀ, ਜੋ ਹੁਣ ਲੰਡਨ ਰਹਿ ਰਿਹਾ ਹੈ।

 

 

ਨਿੰਮੀ ਦੀਆਂ ਸਮੁੱਚੀਆਂ ਫ਼ਿਲਮਾਂ ਦਾ ਵੇਰਵਾ ਇਸ ਪ੍ਰਕਾਰ ਹੈ: 'ਬਰਸਾਤ'(1949) ਉਸਦੀ ਪਹਿਲੀ ਫ਼ਿਲਮ ਸੀ। 'ਵਫ਼ਾ', ਰਾਜ ਮੁਕਟ, ਜਲਤੇ ਦੀਪ(1950), 'ਸਜ਼ਾ', 'ਬੁਜ਼ਦਿਲ', 'ਦੀਦਾਰ', 'ਬੇਦਰਦੀ', 'ਬੜੀ ਬਹੂ'(1951), 'ਦਾਗ', 'ਆਨ', 'ਆਂਧੀਆਂ' (1952), 'ਹਮਦਰਦ', 'ਆਬਸ਼ਾਰ', 'ਅਲਿਫ਼ਲੈਲਾ'(1953), 'ਅਮਰ', 'ਪਿਆਸੇ ਨੈਨ', 'ਕਸਤੂਰੀ', 'ਡੰਕਾ'(1954), 'ਸੋਸਾਇਟੀ', 'ਉਡਣ ਖਟੋਲਾ', 'ਕੁੰਦਨ', 'ਭਗਵਤ ਮਹਿਮਾ'(1955), 'ਰਾਜਧਾਨੀ', 'ਭਾਈ ਭਾਈ', 'ਬਸੰਤ ਬਹਾਰ'(1956), 'ਅੰਜਲੀ', ਛੋਟੀ ਬਹੂ' (1957), 'ਸੋਹਨੀ ਮਹੀਂਵਾਲ'(1958), 'ਪਹਿਲੀ ਰਾਤ', 'ਚਾਰ ਦਿਨ ਚਾਰ ਰਾਹੇਂ'(1959), 'ਅੰਗੁਲੀਮਾਲ'(1960), 'ਸ਼ਮਾ੍'(1961), 'ਮੇਰੇ ਮਹਿਬੂਬ'(1963)', 'ਪੂਜਾ ਕੇ ਫੂਲ', 'ਦਾਲ ਮੇਂ ਕਾਲਾ'(1964), 'ਆਕਾਸ਼ਦੀਪ'(1965), 'ਲਵ ਐਂਡ ਗੌਡ'(1986)। ਇਸ ਆਖਰੀ ਫਿਲਮ ਦਾ ਨਿਰਮਾਣ 1963 ਵਿੱਚ ਸ਼ੁਰੂ ਹੋਇਆ ਸੀ, ਜੋ ਬਹੁਤ ਦੇਰ ਬਾਅਦ 1986 ਵਿੱਚ ਰਿਲੀਜ਼ ਹੋਈ। ਫ਼ਿਲਮ ਬਣਨ ਤੋਂ ਬਹੁਤ ਪਹਿਲਾਂ ਹੀ ਆਸਿਫ਼ ਦੀ ਮੌਤ ਹੋ ਗਈ। ਫਿਰ ਫਿਲਮ ਦੇ ਹੀਰੋ ਗੁਰੂਦੱਤ ਦੀ ਮੌਤ ਹੋ ਗਈ, ਜਿਸ ਦੀ ਥਾਂ ਸੰਜੀਵ ਕੁਮਾਰ ਨੇ ਰੋਲ ਅਦਾ ਕੀਤਾ। ਆਖਰ ਆਸਿਫ਼ ਦੀ ਪਤਨੀ ਨੇ ਇਹ ਫਿਲਮ 1986 ਵਿੱਚ ਰਿਲੀਜ਼ ਕੀਤੀ।

 

 

ਨਿੰਮੀ ਨੇ ਆਪਣੇ ਸਮੇਂ ਦੇ ਪ੍ਰਸਿੱਧ ਅਦਾਕਾਰਾਂ ਅਸ਼ੋਕ ਕੁਮਾਰ, ਸੰਜੀਵ ਕੁਮਾਰ, ਰਜਿੰਦਰ ਕੁਮਾਰ, ਧਰਮਿੰਦਰ ਨਾਲ ਵੀ ਅਭਿਨੈ ਕੀਤਾ। 30 ਮਈ 1997 ਨੂੰ ਇੰਡੀਅਨ ਐਕਸਪ੍ਰੈੱਸ ਨੂੰ ਦਿੱਤੀ ਇੰਟਰਵਿਊ ਵਿੱਚ ਉਸ ਨੇ ਕਿਹਾ ਸੀ, "ਮੇਰਾ ਸੁਪਨਾ ਹੈ ਕਿ ਮੈਂ ਰਾਣੀ ਬਣਾਂ।"

 

 

ਲੰਮੀ ਬਿਮਾਰੀ ਪਿੱਛੋਂ 88 ਸਾਲ ਦੀ ਉਮਰ ਵਿੱਚ ਬੁੱਧਵਾਰ (25 ਮਾਰਚ 2020 ਨੂੰ) ਉਸਦਾ ਦਿਹਾਂਤ ਹੋ ਗਿਆ ਤੇ ਵੀਰਵਾਰ ਨੂੰ ਅੰਤਿਮ ਸਸਕਾਰ ਹੋਇਆ। ਸਾਹ ਲੈਣ ਵਿੱਚ ਦਿੱਕਤ ਹੋਣ ਪਿੱਛੋਂ ਉਹਨੂੰ ਜੂਹੂ ਦੇ ਸਰਲਾ ਨਰਸਿੰਗ ਹੋਮ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਨਿੰਮੀ ਨੂੰ ਰਹਿਮਤਾਬਾਦ ਕਬਰਿਸਤਾਨ ਵਿਚ ਦਫ਼ਨਾਇਆ ਗਿਆ, ਜਿੱਥੇ ਪਹਿਲਾਂ ਉਸਦੇ ਪਤੀ ਨੂੰ ਦਫਨਾਇਆ ਗਿਆ ਸੀ।

 

 

ਉਸ ਦੇ ਦਿਹਾਂਤ ਤੇ ਸ਼ੋਕ ਪ੍ਰਗਟਾਉਂਦਿਆਂ ਰਿਸ਼ੀ ਕਪੂਰ ਨੇ ਕਿਹਾ, "ਤੁਸੀਂ ਆਰ. ਕੇ. ਫੈਮਿਲੀ ਦਾ ਹਿੱਸਾ ਰਹੇ।" ਮਹੇਸ਼ ਭੱਟ, ਤਬੱਸੁਮ, ਜਾਵੇਦ ਜਾਫ਼ਰੀ ਜਿਹੇ ਵੱਡੇ ਕਲਾਕਾਰਾਂ ਨੇ ਵੀ ਉਸਨੂੰ ਸ਼ਰਧਾਂਜਲੀ ਦਿੱਤੀ।

 

 

ਰਾਜ ਕਪੂਰ ਦੀ 'ਬਰਸਾਤ' ਵਿੱਚ ਉਸ ਤੇ ਫ਼ਿਲਮਾਏ "ਜੀਆ ਬੇਕਰਾਰ ਹੈ", "ਬਰਸਾਤ ਮੇਂ ਤੁਮ ਸੇ ਮਿਲੇ ਹਮ" ਅਤੇ "ਹਵਾ ਮੇਂ ਉੜਤਾ ਜਾਏ ਮੇਰਾ ਲਾਲ ਦੁਪੱਟਾ ਮਲਮਲ ਕਾ" ਗੀਤ ਅੱਜ ਵੀ ਉਸ ਦੌਰ ਦੇ ਦਰਸ਼ਕਾਂ ਨੂੰ ਝੂਮਣ ਲਾ ਦਿੰਦੇ ਹਨ। ਅਦਾ ਤੇ ਅਦਾਇਗੀ ਨਾਲ ਮੋਹ ਕਰਨ ਵਾਲੇ ਸਿਨੇਮਾ- ਪ੍ਰੇਮੀ ਹਮੇਸ਼ਾ ਇਸ ਹਿਰਨੀ-ਅੱਖਾਂ ਵਾਲੀ ਅਭਿਨੇਤਰੀ ਨੂੰ ਯਾਦ ਰੱਖਣਗੇ!

 

– – ਪ੍ਰੋ. ਨਵਸੰਗੀਤ ਸਿੰਘ

ਪ੍ਰੋ. ਨਵਸੰਗੀਤ ਸਿੰਘ

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ).

ਮੋਬਾਇਲ ਫ਼ੋਨ:  9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Unkissed Girl of India Nimmi