ਆਮਿਰ ਖ਼ਾਨ, ਅਮਿਤਾਭ ਬੱਚਨ, ਫ਼ਾਤਿਮਾ ਸਨਾ ਸ਼ੇਖ਼ ਅਤੇ ਕੈਟਰੀਨਾ ਕੈਫ਼ ਦੀ ਫਿ਼ਲਮ ‘ਠੱਗਜ਼ ਆਫ਼ ਹਿੰਦੁਸਤਾਨ` ਅੱਜ ਦੁਨੀਆ ਭਰ `ਚ ਰਿਲੀਜ਼ ਹੋ ਗਈ। ਆਲੋਚਕਾਂ ਵੱਲੋਂ ਭਾਵੇਂ ਇਸ ਫਿ਼ਲਮ ਨੂੰ ਕੋਈ ਬਹੁਤਾ ਵਧੀਆ ਹੁੰਗਾਰਾ ਨਹੀਂ ਮਿਲਿਆ ਪਰ ਇਸ ਫਿ਼ਲਮ ਦੀ ਪਹਿਲੇ ਹੀ ਦਿਨ ਦੀ ਕਮਾਈ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਫਿ਼ਲਮੀ ਕਾਰੋਬਾਰ ਦੇ ਵਿਸ਼ਲੇਸ਼ਕ ਤਰਣ ਆਦਰਸ਼ ਦੀ ਰਿਪੋਰਟ ਮੁਤਾਬਕ ਇਸ ਫਿ਼ਲਮ ਨੇ ਪਹਿਲੇ ਹੀ ਦਿਨ 52.25 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਪਹਿਲੇ ਦਿਨ ਦੀ ਇਸ ਕਮਾਈ ਨਾਲ ਇਸ ਫਿ਼ਲਮ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਦਰਅਸਲ, ਸਾਰੀਆਂ ਹਿੰਦੀ ਫਿ਼ਲਮਾਂ ਦੇ ਪਹਿਲੇ ਦਿਨ ਦੀ ਬਾਕਸ ਆਫਿ਼ਸ ਕੁਲੈਕਸ਼ਨ ਦੇ ਰਿਕਾਰਡ ਨੂੰ ਵੇਖਿਆ ਜਾਵੇ, ਤਾਂ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ `ਚ ਹੁਣ ਤੱਕ ਦੀ ਸਭ ਤੋਂ ਵੱਡੀ ਫਿ਼ਲਮ ਇਹ ‘ਠੱਗਜ਼ ਆਫ਼ ਹਿੰਦੁਸਤਾਨ` ਹੋ ਨਿੱਬੜੀ ਹੈ।
ਇਸ ਫਿ਼ਲਮ ਤੋਂ ਬਾਅਦ ਦੂਜੇ ਨੰਬਰ `ਤੇ ਸ਼ਾਹਰੁਖ਼ ਖ਼ਾਨ ਦੀ ਫਿ਼ਲਮ ‘ਹੈਪੀ ਨਿਊ ਈਅਰ` ਹੈ, ਜਿਸ ਨੇ ਪਹਿਲੇ ਦਿਨ 44.97 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਤੀਜੇ ਨੰਬਰ `ਤੇ 41 ਕਰੋੜ ਰੁਪਏ ਨਾਲ ‘ਬਾਹੂਬਲੀ` ਹੈ।
‘ਠੱਗਜ਼ ਆਫ਼ ਹਿੰਦੁਸਤਾਨ` ਦੀ ਵਧੇਰੇ ਕਮਾਈ ਦਾ ਭੇਤ ਇਹ ਹੈ ਕਿ ਇਸ ਨੂੰ 7,000 ਸਕ੍ਰੀਨਾਂ `ਤੇ ਰਿਲੀਜ਼ ਕੀਤਾ ਗਿਆ ਹੈ। ਇਸ ਦੇ ਮੁਕਾਬਲੇ ‘ਬਾਹੂਬਲੀ-2` 6,500 ਸਕ੍ਰੀਨਾਂ `ਤੇ ਰਿਲੀਜ਼ ਕੀਤੀ ਗਈ ਸੀ।
ਇਸ ਤੋਂ ਇਲਾਵਾ ‘ਠੱਗਜ਼ ਆਫ਼ ਹਿੰਦੁਸਤਾਨ` ਲਈ ਪਹਿਲੇ ਦਿਨ ਦੋ ਲੱਖ ਟਿਕਟਾਂ ਬੁੱਕ ਹੋਈਆਂ ਸਨ; ਜੋ ਕਿ ਆਪਣੇ-ਆਪ ਵਿੱਚ ਇੱਕ ਰਿਕਾਰਡ ਹੈ। ਬਾਲੀਵੁੱਡ ਦੀ ਕਿਸੇ ਹੋਰ ਫਿ਼ਲਮ ਦੇ ਨਾਂਅ ਇਸ ਤੋਂ ਪਹਿਲਾਂ ਅਜਿਹਾ ਕੋਈ ਰਿਕਾਰਡ ਨਹੀਂ ਹੈ।